Punjab

ਇਸ ਗਾਇਕ ਨੇ ਮਾਰੀ ਲਲਕਾਰ, “ਜੇ ਹੁਣ ਨਾ ਜਾਗੇ ਤਾਂ ਸਾਰੀ ਉਮਰ ਗੁਲਾਮ ਬਣ ਕੇ ਰਹਿ ਜਾਵਾਂਗੇ”

ਜਿਹੜਾ ਅੰਨਦਾਤਾ ਪੂਰੀ ਦੁਨੀਆ ਨੂੰ ਰਜਾਉਂਦਾ ਹੈ ਅੱਜ ਉਸ ਦੀ ਅਪਣੀ ਹਾਲਤ ਹੀ ਭਿਖਾਰੀਆਂ ਵਰਗੀ ਹੋ ਗਈ ਜਾਪ ਰਹੀ ਹੈ। ਪੰਜਾਬ ਦੇ ਕਿਸਾਨਾਂ ਨੇ ਪੂਰੀ ਜਾਨ ਲਗਾ ਕੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਸੀ ਕਿ ਇਹਨਾਂ ਪਾਸ ਨਹੀਂ ਹੋਣ ਦਿੱਤਾ ਜਾਵੇਗਾ ਪਰ ਸੁਆਰਥੀ ਸਰਕਾਰ ਨੇ ਕਿਸਾਨਾਂ ਦੀ ਹਾਲਤ ਤੇ ਤਰਸ ਨਾ ਖਾਂਦੇ ਹੋਏ ਖੇਤੀ ਆਰਡੀਨੈਂਸਾਂ ਦਾ ਆਰਾ ਚਲਾ ਦਿੱਤਾ।

ਲੋਕ ਸਭਾ ਵਿੱਚ ਵੀਰਵਾਰ ਨੂੰ ਖੇਤੀਬਾੜੀ ਪੈਦਾਵਾਰ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਬਿੱਲ, ਕਿਸਾਨੀ (ਮਜ਼ਬੂਤੀਕਰਨ ਅਤੇ ਸੁਰੱਖਿਆ) ਕੀਮਤ ਭਰੋਸਾ ਸਮਝੌਤਾ ਅਤੇ ਖੇਤੀਬਾੜੀ ਸੇਵਾ ‘ਤੇ ਕਰਾਰ ਬਿੱਲ ਪਾਸ ਹੋ ਗਿਆ ਹੈ। ਇਸ ਤੋਂ ਪਹਿਲਾਂ ਜ਼ਰੂਰੀ ਵਸਤੂ (ਸੋਧ) ਬਿੱਲ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ। ਬਿੱਲ ਪਾਸ ਹੋਣ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਹੋਰ ਵੀ ਹਾਈ ਹੋ ਚੁੱਕਾ ਹੈ।

ਬਿੱਲ ਪਾਸ ਹੋਣ ਕਾਰਨ ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਸਬੰਧੀ ਪੰਜਾਬੀ ਲੋਕ ਚੈਨਲ ਦੇ ਪੱਤਰਕਾਰ ਵੱਲੋਂ ਗਾਇਕ ਚਮਕੌਰ ਖਟੜਾ ਨਾਲ ਇੰਟਰਵਿਊ ਕੀਤੀ ਗਈ। ਚਮਕੌਰ ਖਟੜਾ ਦਾ ਕਿਸਾਨਾਂ ਨੂੰ ਲੈ ਕੇ ਇਕ ਗੀਤ ਵੀ ਆ ਚੁੱਕਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਗੂਗਲ ਪਲੇਅ ਸਟੋਰ ਤੋਂ ਗਾਇਬ ਹੋਇਆ Paytm ਐਪ

ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਸਰਕਾਰ ਜੇ ਅਜਿਹੇ ਕੋਈ ਵੀ ਫ਼ੈਸਲੇ ਲੈਂਦੀ ਹੈ ਤਾਂ ਉਸ ਨੂੰ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੇ ਲੋਕਾਂ ਦੀ ਰਜ਼ਾਮੰਦੀ ਜ਼ਰੂਰ ਲੈਣੀ ਚਾਹੀਦੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਕਿਸਾਨਾਂ ਦੇ ਹੱਕ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਸਾਰੇ ਐਮਪੀ ਵਾਕਆਊਟ ਦਾ ਡਰਾਮਾ ਛੱਡ ਕਿਸਾਨਾਂ ਦਾ ਸਾਥ ਦੇਣ: ਅਰਵਿੰਦ ਕੇਜਰੀਵਾਲ

ਉਹਨਾਂ ਕਿਹਾ ਕਿ, “ਹੁਣ ਸਮਾਂ ਹੈ ਜਾਗਣ ਦਾ, ਜੇ ਇਸ ਸਮੇਂ ਵੀ ਲੋਕ ਨਾ ਜਾਗੇ ਤਾਂ ਸਰਕਾਰ ਨੇ ਅਪਣਾ ਗੁਲਾਮ ਬਣਾ ਲੈਣਾ ਹੈ।” ਪਹਿਲਾਂ ਕਾਂਗਰਸ ਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਨੇ ਇਹਨਾਂ ਆਰਡੀਨੈਂਸਾਂ ਦਾ ਪੱਖ ਲਿਆ ਸੀ, ਫਿਰ ਅਕਾਲੀ ਦਲ ਤੇ ਇਲਜ਼ਾਮ ਲੱਗੇ ਸੀ, ਇਸ ਸਵਾਲ ਦੇ ਜਵਾਬ ਵਿੱਚ ਖਟੜਾ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਦੇਖਿਆ ਕਿ ਕਿਸਾਨ ਪਾਰਟੀਬਾਜ਼ੀ ਛੱਡ ਕੇ ਇਕਜੁੱਟ ਹੋ ਗਏ ਹਨ ਤਾਂ ਇਹਨਾਂ ਪਾਰਟੀਆਂ ਨੇ ਆਰਡੀਨੈਂਸਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ।

ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਖੇਤੀ ਆਰਡੀਨੈਂਸਾਂ ਕਾਰਨ ਸਾਰੇ ਤਰ੍ਹਾਂ ਦੇ ਰੁਜ਼ਗਾਰਾਂ ਤੇ ਅਸਰ ਪਵੇਗਾ ਤੇ ਹਰ ਕੋਈ ਵਿਅਕਤੀ ਸਰਕਾਰ ਦਾ ਗੁਲਾਮ ਬਣ ਕੇ ਰਹਿ ਜਾਵੇਗਾ। ਗਾਇਕਾਂ ਨੂੰ ਨਸੀਹਤ ਦਿੰਦੇ ਹੋਏ ਚਮਕੌਰ ਖੱਟੜਾ ਨੇ ਕਿਹਾ ਕਿ ਗਾਇਕਾਂ ਨੂੰ ਵੀ ਇਸ ਮੁੱਦੇ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ ਕਿਉਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗਾ, ਉਹਨਾਂ ਲਈ ਵੀ ਗੁਲਾਮੀ ਦਾ ਰਾਹ ਸਾਫ਼ ਦਿਖਾਈ ਦੇ ਰਿਹਾ ਹੈ।

ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨਾ ਹੋ ਸਕੇ ਕਿਸਾਨੀ ਅਤੇ ਪੰਜਾਬ ਨੂੰ ਬਚਾਉਣ ਵਿੱਚ ਅਪਣਾ ਯੋਗਦਾਨ ਜ਼ਰੂਰ ਪਾਓ ਕਿਉਂ ਕਿ ਜੇ ਪੰਜਾਬ ਦਾ ਕਿਸਾਨ ਖੁਸ਼ਹਾਲ ਹੈ ਤਾਂ ਪੰਜਾਬ ਦੇ ਲੋਕ ਖੁਸ਼ਹਾਲ ਰਹਿ ਸਕਣਗੇ।

Click to comment

Leave a Reply

Your email address will not be published.

Most Popular

To Top