ਇਤਰਾਜ਼ਯੋਗ ਵੀਡੀਓ ਬਣਾ ਪ੍ਰੇਮੀ ਕਰਦਾ ਸੀ ਬਲੈਕਮੇਲ, ਪੀੜਤਾ ਨੇ ਨਹਿਰ ‘ਚ ਮਾਰੀ ਛਾਲ

ਖੰਨਾ ਦੇ ਨੇੜਲੇ ਪਿੰਡ ਜਲਾਜਣ ਵਿੱਚ ਦੋ ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਤੇ ਉਸ ਦੀ ਪਤਨੀ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਮੁਤਾਬਕ ਔਰਤ ਦੀ ਇਤਰਾਜ਼ਯੋਗ ਵੀਡੀਓ ਨੂੰ ਲੈ ਕੇ ਉਸ ਦਾ ਪ੍ਰੇਮੀ ਆਪਣੀ ਪਤਨੀ ਨਾਲ ਮਿਲ ਕੇ ਬਲੈਕਮੇਲ ਕਰ ਰਿਹਾ ਸੀ। ਪ੍ਰੇਮੀ ਦੀ ਪਤਨੀ ਨੇ ਇਹ ਵੀਡੀਓ ਸ਼ੇਅਰ ਕਰ ਦਿੱਤੀ ਸੀ।
ਇਸ ਤੋਂ ਬਾਅਦ ਔਰਤ ਨੇ ਖੁਦਕੁਸ਼ੀ ਦਾ ਖੌਫਨਾਕ ਕਦਮ ਚੁੱਕਿਆ। ਪੁਲਿਸ ਨੇ ਪ੍ਰੇਮੀ ਤੇ ਉਸ ਦੀ ਪਤਨੀ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਪੀੜਤਾ 23 ਦਸੰਬਰ ਨੂੰ ਘਰੋਂ ਚਲੀ ਗਈ ਸੀ। ਪਰ ਨਵਜੀਤ ਦੇ ਸਹੁਰਾ ਪਰਿਵਾਰ ਨੇ 24 ਘੰਟੇ ਉਹਨਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ। 24 ਦਸੰਬਰ ਨੂੰ ਉਹਨਾਂ ਨੂੰ ਦੱਸਿਆ ਗਿਆ ਤਾਂ ਇਸ ਉਪਰੰਤ ਲਾਸ਼ ਕਿਲਾ ਹਕੀਮ ਤੋਂ ਨਹਿਰ ਵਿੱਚੋਂ ਮਿਲੀ।
ਉਹਨਾਂ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇ ਨਵਜੀਤ ਕੌਰ ਦਾ ਸਹੁਰਾ ਪਰਿਵਾਰ ਉਹਨਾਂ ਨੂੰ ਸੂਚਨਾ ਸਮੇਂ ਸਿਰ ਦਿੰਦਾ ਤਾਂ ਸ਼ਾਇਦ ਜਾਨ ਬਚ ਜਾਂਦੀ। ਉੱਥੇ ਹੀ ਦੂਜੇ ਪਾਸੇ ਡੀਐਸਪੀ ਵਿਲੀਅਮ ਜੈਜੀ ਨੇ ਦੱਸਿਆ ਕਿ ਪੜਤਾਲ ਦੌਰਾਨ ਗੱਲ ਸਾਹਮਣੇ ਆਈ ਕਿ ਨਵਜੀਤ ਕੌਰ ਦੇ ਪਿੰਡ ਦੇ ਹਰਜਿੰਦਰ ਸਿੰਘ ਨਾਲ ਸਬੰਧ ਸਨ।
ਇਸ ਬਾਰੇ ਹਰਜਿੰਦਰ ਸਿੰਘ ਦੀ ਪਤਨੀ ਹਰਦੀਪ ਕੌਰ ਨੂੰ ਵੀ ਪਤਾ ਸੀ। ਨਵਜੀਤ ਕੌਰ ਦੀ ਇਤਰਾਜਯੋਗ ਵੀਡੀਓ ਨੂੰ ਲੈ ਕੇ ਹਰਜਿੰਦਰ ਸਿੰਘ ਤੇ ਹਰਦੀਪ ਕੌਰ ਉਸ ਨੂੰ ਬਲੈਕਮੇਲ ਕਰਦੇ ਸੀ ਤਾਂ ਦੁਖੀ ਹੋ ਕੇ ਨਵਜੀਤ ਨੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।