ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਜ਼ਦੀਕੀਆਂ ਦੀਆਂ ਵਧੀਆਂ ਮੁਸ਼ਕਿਲਾਂ, ਸੂਚੀ ਕੀਤੀ ਤਿਆਰ!

 ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਜ਼ਦੀਕੀਆਂ ਦੀਆਂ ਵਧੀਆਂ ਮੁਸ਼ਕਿਲਾਂ, ਸੂਚੀ ਕੀਤੀ ਤਿਆਰ!

ਅਨਾਜ ਮੰਡੀ ਟਰਾਂਸਪੋਰਟ ਘੁਟਾਲੇ ਵਿੱਚ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਹਨਾਂ ਦੇ ਨਜ਼ਦੀਕੀਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ ਕਿਉਂਕਿ ਵਿਜੀਲੈਂਸ ਨੇ ਇਹਨਾਂ ਖਿਲਾਫ਼ ਸੂਚੀ ਤਿਆਰ ਕਰ ਲਈ ਹੈ, ਜਿਸ ਵਿੱਚ ਆਸ਼ੂ ਨਾਲ ਰਹਿ ਕੇ ਕੰਮ ਕਰਨ ਵਾਲੇ ਅਤੇ ਪੈਸਾ ਇੰਨਵੈਸਟ ਕਰਨ ਵਾਲਿਆਂ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਇਹਨਾਂ ਤੋਂ ਜਲਦ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਜਾਂਚ ਕਰਨ ਸਮੇਂ ਵਿਜੀਲੈਂਸ ਨੂੰ ਇਹ ਪਤਾ ਲੱਗਿਆ ਹੈ ਕਿ ਆਸ਼ੂ ਮਹਾਨਗਰ ਦੇ ਇੱਕ ਵੱਡੇ ਫਾਈਨਾਂਸਰ ਦੁਆਰਾ ਹੀ ਫਾਈਨਾਂਸ ਕਰਦੇ ਸੀ। ਉਹਨਾਂ ਦੇ ਸਭ ਤੋਂ ਨਜ਼ਦੀਕੀ ਪੀ.ਏ ਮੀਨੂ ਮਲਹੋਤਰਾ ਦੀ ਜਾਇਦਾਦ ਅਤੇ ਬੈਂਕ ਅਕਾਉਂਟਸ ਦੀ ਜਾਂਚ ਕੀਤੀ ਗਈ ਹੈ। ਪੁਲਿਸ ਵੱਲੋਂ ਮੀਨੂ ਦੀ ਭਾਲ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਸਾਬਕਾ ਮੰਤਰੀ ਭਾਰਤ ਆਸ਼ੂ ਕਰੋੜਾਂ ਰੁਪਏ ਕਈ ਜਗ੍ਹਾ ’ਤੇ ਇੰਨਵੈਸਟ ਕੀਤਾ ਹੈ ਜਿਨ੍ਹਾਂ ਤੋਂ ਕਰੋੜਾਂ ਰੁਪਏ ਦੀਆਂ ਵਪਾਰਕ ਬਿਲਡਿੰਗਾਂ ਦੇ ਨਾਲ ਰਿਹਾਇਸ਼ੀ ਪ੍ਰਾਪਰਟੀਆਂ ਵੀ ਬਣਾਈਆਂ ਗਈਆਂ। ਜਾਣਕਾਰੀ ਮੁਤਾਬਕ ਇੰਨਵੈਸਟਰ ਦੁਆਰਾ ਹੀ ਕਰੋੜਾਂ ਰੁਪਏ ਬਾਜ਼ਾਰ ਵਿੱਚ ਲਗਾਏ ਗਏ ਸੀ। ਇਸ ਤੋਂ ਇਲਾਵਾ ਵੀ ਸਾਬਕਾ ਮੰਤਰੀ ਨੇ ਕਈ ਲੋਕਾਂ ਦੁਆਰਾ ਬਾਜ਼ਾਰ ਵਿੱਚ ਪੈਸੇ ਇੰਨਵੈਸਟ ਕੀਤੇ ਹਨ। ਇਹਨਾਂ ਬਾਰੇ ਵਿਜੀਲੈਂਸ ਨੂੰ ਪਤਾ ਲੱਗ ਗਿਆ ਹੈ।

ਆਰੋਪੀ ਤੇਲੂ ਰਾਮ ਨੇ ਵੀ ਸਾਬਕਾ ਮੰਤਰੀ ਦੇ ਕਈ ਕਰੀਬੀਆਂ ਦਾ ਨਾਮ ਲਿਆ ਹੈ ਜਿਸ ਤੋਂ ਬਾਅਦ ਕਈ ਕਾਗਰਸੀਆਂ ਦੀ ਨੀਂਦ ਉੱਡ ਗਈ ਹੈ। ਵਿਜੀਲੈਂਸ ਨੂੰ ਜਾਂਚ ਕਰਨ ਸਮੇਂ ਪਤਾ ਚੱਲਿਆ ਕਿ ਸਰਕਾਰੀ ਡਿੱਪੂ ਅਤੇ ਘਰ ਤੋਂ ਬਾਹਰ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਮੀਨੂੰ ਪੰਕਜ ਮਲਹੋਤਰਾ, ਸਾਬਕਾ ਮੰਤਰੀ ਆਸ਼ੂ ਦੇ ਨਾਲ ਜੁੜਨ ਤੋਂ ਬਾਅਦ ਕੁੱਝ ਸਮੇਂ ਵਿੱਚ ਹੀ ਕਰੋੜਾਂ ਰੁਪਏ ਦੀ ਪ੍ਰਾਪਰਟੀਆਂ ਦਾ ਮਾਲਕ ਬਣਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੀਨੂੰ ਦੀਆਂ 6 ਪ੍ਰਾਪਰਟੀਆਂ ਦੀ ਸੂਚੀ ਵਿਜੀਲੈਂਸ ਕੋਲ ਪਹੁੰਚ ਗਈ ਹੈ ਜੋ ਕਿ ਪ੍ਰਾਈਮ ਲੋਕੇਸ਼ਨ ’ਤੇ ਹੈ ਅਤੇ ਉਹਨਾਂ ਦੀ ਕੀਮਤ ਕਰੋੜਾਂ ਵਿੱਚ ਹੈ।

ਇਸ ਤੋਂ ਇਲਾਵਾ ਵੀ ਉਸ ਕੋਲ ਪਾਸ਼ ਇਲਾਕੇ ਵਿੱਚ ਕੁੱਝ ਖ਼ਾਸ ਪ੍ਰਾਪਟੀਆਂ ਵੀ ਹਨ। ਮੀਨੂੰ ਮਲਹੋਤਰਾ ਦੀ ਸ਼ਹਿਰ ਵਿੱਚ ਕੁੱਝ ਪ੍ਰਾਪਰਟੀਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਜੀਲੈਂਸ ਦੀਆਂ ਟੀਮਾਂ ਨੇ ਚਾਰੇ ਜ਼ੋਨਾਂ ਤੋਂ ਡਾਟਾ ਮੰਗਿਆ ਹੈ। ਇਸ ਤੋਂ ਇਲਾਵਾ ਬੈਂਕ ਅਕਾਉਂਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੀਨੂੰ ਦੀ ਫੋਨ ਡਿਟੇਲ ਵੀ ਕੱਢੀ ਗਈ ਹੈ। ਜਿਨ੍ਹਾਂ ਲੋਕਾਂ ਨੇ ਮੀਨੂੰ ਨਾਲ ਸਭ ਤੋਂ ਜ਼ਿਆਦਾ ਗੱਲਬਾਤ ਕੀਤੀ ਹੈ, ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਐੱਸ.ਐੱਸ.ਪੀ.ਵਿਜੀਲੈਂਸ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਨੇ ਸਿੱਧੇ ਤੌਰ ’ਤੇ ਨਹੀਂ ਬਲਕਿ ਇੰਨਵੈਸਟਰ ਦੁਆਰਾ ਪੈਸਾ ਇੰਨਵੈਸਟ ਕੀਤਾ ਹੈ। ਜਿਨ੍ਹਾਂ ਲੋਕਾਂ ਬਾਰੇ ਪਤਾ ਚੱਲਿਆ ਹੈ ਉਹਨਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਮੀਨੂੰ ਮਲਹੋਤਰਾ ਕਰੋੜਾਂ ਰੁਪਏ ਦੀ ਪ੍ਰਾਪਰਟੀ ਦਾ ਮਾਲਕ ਹੈ, ਜਿਸ ਦਾ ਸਾਰਾ ਰਿਕਾਰਡ ਨਗਰ ਨਿਗਮ ਤੋਂ ਲੈ ਲਿਆ ਗਿਆ ਹੈ।

Leave a Reply

Your email address will not be published.