“ਆਮ ਆਦਮੀ ਪਾਰਟੀ ਕਾਰਨ ਮਰ ਰਹੇ ਨੇ ਕੋਰੋਨਾ ਮਰੀਜ਼”: ਸਿਹਤ ਮੰਤਰੀ ਸਿੱਧੂ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਆਕਸੀਮੀਟਰ ਵੰਡਣ ‘ਤੇ ਸਿਆਸਤ ਕਾਫ਼ੀ ਭਖੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਲਜ਼ਾਮ ਲਾਏ ਗਏ ਕਿ ‘ਆਪ’ ਵੱਲੋਂ ਪੰਜਾਬ ‘ਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਜਿਸ ਕਾਰਨ ਲੋਕ ਕੋਰੋਨਾ ਟੈਸਟ ਕਰਵਾਉਣ ਲਈ ਅੱਗੇ ਨਹੀਂ ਆ ਰਹੇ ਹਨ।
ਇਸ ਬਿਆਨ ਤੋਂ ਬਾਅਦ ਭਗਵੰਤ ਮਾਨ ਵੱਲੋਂ ਵੀ ਮੁੱਖ ਮੰਤਰੀ ਨੂੰ ਮੋੜਵਾਂ ਜਵਾਬ ਦਿੱਤਾ ਗਿਆ ਹੈ ਪਰ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਫਾਜ਼ਿਲਕਾ ‘ਚ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ‘ਤੇ ਰੱਖਿਆ ਗਿਆ ਹੈ। ਉਹਨਾਂ ਕੋਰੋਨਾ ਕਾਰਨ ਪੰਜਾਬ ਵਿੱਚ ਹੋਰਨਾਂ ਰਾਜਾਂ ਨਾਲੋਂ ਵੱਧ ਮੌਤਾਂ ਹੋਣ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ‘ਤੇ ਮਨਦੀਪ ਮੰਨਾ ਦਾ ਵੱਡਾ ਬਿਆਨ, “ਕਿਸਾਨਾਂ ਦੀ ਮਾੜੀ ਹਾਲਤ ਲਈ ਕੈਪਟਨ ਸਰਕਾਰ ਜ਼ਿੰਮੇਵਾਰ”
ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਸੋਸ਼ਲ ਮੀਡੀਆ ਤੇ ਝੂਠਾ ਪ੍ਰਚਾਰ ਕੀਤਾ ਗਿਆ ਹੈ ਕਿ ਹਸਪਤਾਲਾਂ ‘ਚ ਮਰੀਜ਼ਾਂ ਦੇ ਅੰਗ ਕੱਢ ਲਏ ਜਾਂਦੇ ਹਨ ਜਿਸ ਦੇ ਚੱਲਦਿਆਂ ਦਸ ਦਿਨਾਂ ਦੇ ਲਈ ਮਿਸ਼ਨ ਫਤਹਿ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ। ਬਲਬੀਰ ਸਿੱਧੂ ਮੁਤਾਬਿਕ ਪੰਜਾਬ ਸਰਕਾਰ ਵੱਲੋਂ 108 ਅਫਵਾਹ ਫੈਲਾਉਣ ਵਾਲੀਆਂ ਝੂਠੀਆਂ ਸੋਸ਼ਲ ਸਾਈਟਾਂ ਨੂੰ ਬੈਨ ਕੀਤਾ ਗਿਆ ਹੈ ਅਤੇ 70 ਤੋਂ 80 ਲੋਕਾਂ ਦੇ ਖਿਲਾਫ਼ ਝੂਠੀਆਂ ਅਫਵਾਹ ਫਲਾਉਣ ਦੇ ਮੁਕੱਦਮੇ ਦਰਜ ਕੀਤੇ ਗਏ।
ਇਹ ਵੀ ਪੜ੍ਹੋ: ਸੀਐਮ ਅਮਰਿੰਦਰ ਸਿੰਘ ਨੇ ਕਿਸਾਨਾਂ ਖਿਲਾਫ਼ FIR ਵਾਪਸ ਲੈਣ ਦਾ ਕੀਤਾ ਐਲਾਨ
ਦੱਸ ਦਈਏ ਕਿ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਬੋਹਰ ਫਾਜ਼ਿਲਕਾ ਤੇ ਜਲਾਲਾਬਾਦ ਦੇ ਸਿਵਲ ਹਸਪਤਾਲਾਂ ਦਾ ਜਾਇਜ਼ਾ ਲੈਣ ਪਹੁੰਚੇ ਸੀ ਜਿੱਥੇ ਉਹਨਾਂ ਡਾਕਟਰਾਂ ਤੋਂ ਵੀ ਹਾਲਾਤਾਂ ਬਾਰੇ ਜਾਣਕਾਰੀ ਲਈ ਅਤੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ‘ਤੇ ਵੀ ਤਿੱਖੇ ਨਿਸ਼ਾਨੇ ਸਾਧੇ ਗਏ। ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਬਲਵੀਰ ਵੱਲੋਂ ਦਿੱਤੇ ਗਏ ਇਸ ਬਿਆਨ ‘ਤੇ ਆਮ ਆਦਮੀ ਪਾਰਟੀ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ।
