‘ਆਪ’ ਸਰਕਾਰ ਲਈ ਵੱਡੀ ਮੁਸੀਬਤ! ਬੈਂਕ ਨੇ ਕਰਜ਼ਾ ਨਾ ਮੋੜਨ ਵਾਲੇ ਕਿਸਾਨਾਂ ਨੂੰ ਜਾਰੀ ਕੀਤੇ ਵਰੰਟ

ਜ਼ਿਲ੍ਹਾ ਲੈਂਡ ਮੋਰਟਗੇਜ ਬੈਂਕ ਦੀ ਫਿਰੋਜ਼ਪੁਰ, ਗੁਰੂਹਰਸਹਾਏ ਅਤੇ ਜ਼ੀਰਾ ਬਰਾਂਚ ਨੇ ਲੰਬੇ ਸਮੇਂ ਤੋਂ ਕਰਜ਼ਾ ਨਾ ਮੋੜਣ ਵਾਲੇ ਕੁੱਲ 930 ਕਿਸਾਨਾਂ ਨੂੰ ਵਰੰਟ ਜਾਰੀ ਕੀਤੇ ਹਨ। ਇਹਨਾਂ ਕਿਸਾਨਾਂ ਤੇ 34 ਕਰੋੜ 36 ਲੱਖ 13 ਹਜ਼ਾਰ ਰੁਪਏ ਦਾ ਕਰਜ਼ਾ ਬਕਾਇਆ ਹੈ। ਲੈਂਡ ਮੋਰਟਗੇਜ ਬੈਂਕ ਮੁਤਾਬਕ ਇਹਨਾਂ ਕਿਸਾਨਾਂ ਨੇ ਕਰਜ਼ਾ ਲਿਆ ਸੀ ਅਤੇ ਵਾਪਸ ਨਹੀਂ ਕੀਤਾ।

ਫਿਰੋਜ਼ਪੁਰ ਦੇ ਕਿਸਾਨ ਬਖਸ਼ੀਸ਼ ਸਿੰਘ ਨੂੰ ਵਾਰੰਟ ਜਾਰੀ ਕਰਕੇ ਗ੍ਰਿਫ਼ਤਾਰ ਕੀਤਾ ਸੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਖਲਾਰ ਸਿੰਘ ਪੰਨੂੰ ਅਤੇ ਕਿਸਾਨ ਆਗੂ ਨੇ ਉਸ ਨੂੰ ਛੁਡਵਾਇਆ ਸੀ। ਖਲਾਰ ਸਿੰਘ ਪੰਨੂੰ ਨੇ ਕਿਹਾ ਕਿ ਇੱਕ ਪਾਸੇ ਤਾਂ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀਆਂ ਵਿੱਚ ਬੈਠੇ ਹਨ ਅਤੇ ਦੂਜੇ ਪਾਸੇ ਬੈਂਕ ਕਰਜ਼ਈ ਕਿਸਾਨਾਂ ਨੂੰ ਵਰੰਟ ਕੱਢ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਵਾਰ ਤਾਂ ਗਰਮੀ ਦੀ ਮਾਰ ਕਾਰਨ ਪਹਿਲਾਂ ਹੀ ਕਣਕ ਦਾ ਘੱਟ ਝਾੜ ਨਿਕਲਣ ਕਾਰਨ ਕਿਸਾਨ ਪਰੇਸ਼ਾਨ ਹੈ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੌਸਮ ਦੀ ਮਾਰ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਸੱਟ ਵੱਜੀ ਹੈ ਤੇ ਜਿਸ ਕਾਰਨ ਕਈ ਕਰਜ਼ਾ ਨਹੀਂ ਮੋੜ ਸਕਦੇ।
ਕਿਸਾਨ ਆਗੂ ਨੇ ਕਿਹਾ ਕਿ ਅਸੀਂ ਚੇਤਾਵਨੀ ਵੀ ਦਿੰਦੇ ਹਾਂ ਜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਅਸੀਂ ਸੰਘਰਸ਼ ਕਰਾਂਗੇ। ਉੱਥੇ ਹੀ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਫਿਰੋਜ਼ਪੁਰ ਦੇ ਸੀਨੀਅਰ ਸਹਾਇਕ ਪੀਪਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਾਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
