‘ਆਪ’ ਸਰਕਾਰ ਨੇ 100 ਮੁਹੱਲਾ ਕਲੀਨਿਕ ਖੋਲ੍ਹ ਕੇ 500 ਡਿਸਪੈਂਸਰੀਆਂ ਬੰਦ ਕੀਤੀਆਂ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਨਿਸ਼ਾਨੇ ਲਾਏ ਹਨ। ਉਹਨਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਦੇ ਨਾਮ ਤੇ ਸੱਤਾ ਵਿੱਚ ਆਈ ਆਪ ਸਰਕਾਰ ਨੇ ਦੋਹਾਂ ਖੇਤਰਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਕੁੱਲ 1200 ਪੇਂਡੂ ਡਿਸਪੈਂਸਰੀਆਂ ਸਨ।
ਪਹਿਲਾਂ 100 ਮੁਹੱਲਾ ਕਲੀਨਿਕ ਖੋਲ੍ਹ ਕੇ 500 ਡਿਸਪੈਂਸਰੀਆਂ ਬੰਦ ਕਰ ਦਿੱਤੀਆਂ ਗਈਆਂ ਤੇ ਹੁਣ ਬਾਕੀ 700 ਡਿਸਪੈਂਸਰੀਆਂ ਵਿਚੋਂ ਵੀ ਸਟਾਫ਼ ਵਾਪਸ ਸੱਦਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕ ਕਹਿ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸਹੂਲਤਾਂ ਦੇਣ ਦੀ ਬਜਾਏ, ਖੋਹੀਆਂ ਜਾ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ, ਡਿਸਪੈਂਸਰੀਆਂ ਤੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਟੈਸਟ ਇੱਕੋ ਨਿੱਜੀ ਕੰਪਨੀ ਨੂੰ ਭੇਜ ਕੇ ਕਰੋੜਾਂ ਰੁਪਏ ਦਾ ਕਥਿਤ ਘੁਟਾਲਾ ਕੀਤਾ ਜਾ ਰਿਹਾ ਹੈ।
ਚੰਦੂਮਾਜਰਾ ਨੇ ਕਿਹਾ ਕਿ ਜੇ ਕੋਈ ਐਮਓਯੂ ਹੋਇਆ ਹੈ, ਤਾਂ ਸਰਕਾਰ ਜਨਤਕ ਕਰੇ। ਸਰਕਾਰ ਨੇ ਹੁਣ ਤੱਕ ਨਾ ਸਪੈਸ਼ਲਿਸਟਾਂ ਦੀ ਭਰਤੀ ਕੀਤੀ ਤੇ ਨਾ ਹੀ ਉਪਕਰਨ ਲਗਾਏ ਹਨ। ਮੁਹੱਲਾ ਕਲੀਨਿਕਾਂ ਵਿੱਚ ਕੋਈ ਨਵੀਂ ਚੀਜ਼ ਨਹੀਂ ਲਗਾਈ ਜਾ ਰਹੀ। ਸਿਹਤ ਸਕੱਤਰ ਨੂੰ ਮੁਹੱਲਾ ਕਲੀਨਿਕਾਂ ਦੇ ਇਸ਼ਤਿਹਾਰ ਜਾਰੀ ਕਰਨ ਲਈ 30 ਕਰੋੜ ਰੁਪਏ ਮਨਜ਼ੂਰ ਕਰਨ ਦਾ ਦਬਾਅ ਪਾਇਆ ਹੈ।
ਦੱਸ ਦੇਈਏ ਕਿ 26 ਜਨਵਰੀ ਨੂੰ 400 ਹੋਰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਹਰਪਾਲ ਚੀਮਾ ਨੇ ਕਿਹਾ ਕਿ 27 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਇਨ੍ਹਾਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ।