ਜਲੰਧਰ: ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਹੋਏ ਘੁਟਾਲੇ ਨੇ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਇਕ ਵਾਰ ਫਿਰ ਤੋਂ ਸਰਕਾਰ ਖਿਲਾਫ਼ ਲਾਮਬੰਦ ਹੋਣ ਦਾ ਮੌਕਾ ਦੇ ਦਿੱਤਾ ਹੈ। ਸੋਮਵਾਰ ਨੂੰ ਇੱਥੇ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਮੈਂਬਰ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਅਸਤੀਫ਼ਾ ਮੰਗਿਆ ਅਤੇ ਪੂਰੇ ਮਾਮਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ। ਧਰਨੇ ਦੌਰਾਨ ਹੀ ਤਲਵੰਡੀ ਸਾਬੋਂ ਤੋਂ ਆਪ ਦੀ ਵਿਧਾਇਕ ਪ੍ਰੋ. ਬਰਜਿੰਦਰ ਕੌਰ ਨੇ ਨਾਲ ਹੀ ਦੇ ਪੰਡਾਲ ਵਿਚ ਜਾਰੀ ਅਕਾਲੀ ਦਲ ਦੇ ਧਰਨੇ ਤੇ ਵੀ ਨਿਸ਼ਾਨਾ ਲਾਇਆ। ਪ੍ਰੋ. ਬਰਜਿੰਦਰ ਕੌਰ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਪੋਸਟ ਮ੍ਰੈਟਿਕ ਸਕਾਲਰਸ਼ਿਪ ਵਿਚ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਘੁਟਾਲਾ ਹੋਇਆ ਹੈ।
ਕਾਂਗਰਸ ਵੱਲੋਂ ਉਸ ਸਮੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਬਣਦੇ ਹੀ ਇਸ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਅਕਾਲੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਪਰ ਕਾਂਗਰਸ ਸਰਕਾਰ ਦੇ ਬਣਦੇ ਹੀ ਅਜਿਹਾ ਕੁੱਝ ਵੀ ਨਹੀਂ ਹੋਇਆ। ਉਲਟਾ ਕਾਂਗਰਸ ਸਰਕਾਰ ਦੇ ਹੀ ਕੈਬਨਿਟ ਮੰਤਰੀ ਨੇ ਪੋਸਟ ਮ੍ਰੈਟਿਕ ਸਕਾਲਰਸ਼ਿਪ ਸਕੀਮ ਤਹਿਤ ਮਿਲੇ ਪੈਸਿਆਂ ਵਿਚ ਕਰੋੜਾਂ ਦਾ ਘੁਟਾਲਾ ਕਰ ਦਿੱਤਾ।
ਇਸ ਮੌਕੇ ਤੇ ਆਪ ਪੰਜਾਬ ਦੇ ਉਪ ਪ੍ਰਧਾਨ ਡਾ. ਸੰਜੀਵ ਸ਼ਰਮਾ, ਜ਼ਿਲ੍ਹਾ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ, ਸਾਬਕਾ ਆਈਪੀਐਸ ਅਧਿਕਾਰੀ ਕਰਤਾਰ ਸਿੰਘ, ਐਡਵੋਕੇਟ ਕਸ਼ਮੀਰ ਸਿੰਘ, ਬਲਵੰਤ ਭਾਟੀਆ, ਦਰਸ਼ਨ ਲਾਲ ਭਗਤ ਸਮੇਤ ਆਪ ਵਰਕਰ ਮੌਜੂਦ ਸਨ।
