‘ਆਪ’ ਨੂੰ ਵੱਡਾ ਝਟਕਾ, ਵਿਧਾਇਕਾ ਰੁਪਿੰਦਰ ਰੂਬੀ ਨੇ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੀ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣੇ ਅਸਤੀਫ਼ੇ ਦੀ ਜਾਣਕਾਰੀ ਫੇਸਬੁੱਕ ਪੇਜ ਰਾਹੀਂ ਦਿੱਤੀ ਹੈ।

ਉਨ੍ਹਾਂ ਆਪਣੇ ਪੇਜ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਕਿਹਾ ਕਿ, “ਮੈਂ ਰੁਪਿੰਦਰ ਕੌਰ ਰੂਬੀ ਵਿਧਾਇਕਾ ਹਲਕਾ ਬਠਿੰਡਾ ਦਿਹਾਤੀ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦਿੰਦੀ ਹਾਂ।
ਕਿਰਪਾ ਕਰਕੇ ਮੇਰਾ ਅਸਤੀਫ਼ਾ ਮਨਜ਼ੂਰ ਕੀਤਾ ਜਾਵੇ।” ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਆਪਣੇ ਫੇਸਬੁੱਕ ਪੇਜ ਦੀ ਕਵਰ ਫੋਟੋ ਬਦਲ ਬਾਜ ਦੀ ਫੋਟੋ ਲਗਾਈ ਗਈ ਹੈ ਜਿਸ ਤੋਂ ਪਹਿਲਾਂ ਇਸ ਕਵਟ ਫੋਟੋ ‘ਚ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਦਿਖਾਈ ਦੇ ਰਹੀ ਸੀ।
ਰੂਬੀ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਸਵਾਲ ਚੁੱਕੇ ਸਨ। ਉਹਨਾਂ ਕਿਹਾ ਸੀ ਕਿ ਪਾਰਟੀ ਦੀ ਲੀਡਰਸ਼ਿਪ 2017 ਵਾਲੀ ਗਲਤੀਆਂ ਕਿਉਂ ਦੋਹਰਾ ਰਹੀ ਹੈ, ਜਦਕਿ ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਇਸ ਵਾਰ ਬਿਹਤਰ ਪਰਫਾਰਮੈਂਸ ਵਿਖਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ, ਰਾਜ ਵਿੱਚ ਆਮ ਆਦਮੀ ਪਾਰਟੀ ਨਾਲ ਜੁੜਿਆ ਹਰ ਵਾਲੰਟੀਅਰ ਇਹੀ ਚਾਹੁੰਦਾ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਹੀ 2022 ਦੀ ਚੋਣ ਲੜੀ ਜਾਵੇ।
