‘ਆਪ’ ਈਸਟ ਇੰਡੀਆ ਕੰਪਨੀ ਵਾਂਗ ਵਿਵਹਾਰ ਕਰ ਰਹੀ ਹੈ, ਸਰਕਾਰੀ ਅਹੁਦਿਆਂ ਤੇ ਹੋ ਰਹੀ ਬਾਹਰੋਂ ਭਰਤੀ: ਵੜਿੰਗ

ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਪੰਜਾਬ ਦੇ ਸਰਕਾਰੀ ਅਹੁਦਿਆਂ ਤੇ ਬਾਹਰੀ ਲੋਕਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸ ਦਾ ਖੁਲਾਸਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਹੈ। ਕਾਂਗਰਸ ਨੇ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ ਵਿੱਚ ਦੋ ਅਹਿਮ ਅਹੁਦਿਆਂ ਤੇ ਦੋ ਬਾਹਰੀ ਵਿਅਕਤੀਆਂ ਦੀ ਨਿਯੁਕਤੀ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ।
ਇਸ ਲੜੀ ਤਹਿਤ, ਸੱਤਿਆ ਗੋਪਾਲ ਅਤੇ ਰਾਕੇਸ਼ ਗੋਇਲ ਦੀ ਰੇਰਾ ਵਿੱਚ ਨਿਯੁਕਤੀਆਂ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਈਸਟ ਇੰਡੀਆ ਕੰਪਨੀ ਵਾਂਗ ਕੰਮ ਕਰ ਰਹੀ ਹੈ, ਉੱਥੇ ਹੀ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਨਾਲ ਬਸਤੀਵਾਦੀ ਕਾਲੋਨੀ ਵਾਂਗ ਸਲੂਕ ਕਰ ਰਹੇ ਹਨ।
ਉਹਨਾਂ ਹੈਰਾਨੀ ਜਤਾਈ ਕਿ ਆਪ ਸਰਕਾਰ ਵਿੱਚ ਅਹਿਮ ਅਹੁਦਿਆਂ ਲਈ ਕੋਈ ਯੋਗ ਪੰਜਾਬੀ ਕਿਉਂ ਨਹੀਂ ਲੱਭ ਸਕਿਆ। ਉਹਨਾਂ ਕਿਹਾ ਕਿ ਪਹਿਲਾਂ ਆਪ ਨੇ ਰਾਜ ਸਭਾ ਸੀਟਾਂ ਲਈ ਜ਼ਿਆਦਾਤਰ ਗ਼ੈਰ-ਪੰਜਾਬੀਆਂ ਅਤੇ ਗ਼ੈਰ-ਸਿਆਸਤਦਾਨਾਂ ਨੂੰ ਨਾਮਜ਼ਦ ਕੀਤਾ ਸੀ ਅਤੇ ਹੁਣ ਇਸ ਨੇ ਸੂਬੇ ਦੇ ਪ੍ਰਸ਼ਾਸਨ ਵਿੱਚ ਬਾਹਰੀ ਲੋਕਾਂ ਦੀ ਘੁਸਪੈਠ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।
ਉਹਨਾਂ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਤੁਹਾਨੂੰ ਰੇਰਾ ਵਿੱਚ ਚੇਅਰਮੈਨ ਜਾਂ ਮੈਂਬਰਾਂ ਦੇ ਅਹੁਦਿਆਂ ਲਈ ਕੋਈ ਪੰਜਾਬੀ ਕਿਉਂ ਨਹੀਂ ਮਿਲਿਆ, ਜਿਸ ਕਾਰਨ ਤੁਹਾਨੂੰ ਬਾਹਰੋਂ ਲੋਕ ਲਿਆਉਣੇ ਪਏ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਸਾਰੇ ਪੰਜਾਬੀਆਂ ਦੀ ਯੋਗਤਾ ਦੇ ਵਿਰੁੱਧ ਸਖ਼ਤ ਫੈਸਲਾ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਲਿਆਉਣ ਲਈ ਸਖ਼ਤ ਮਿਹਨਤ ਕੀਤੀ ਸੀ, ਪਰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਣ ਵੇਲੇ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ।