ਆਟੋ ਡਰਾਇਵਰ ਨੇ ਅੰਦੋਲਨ ’ਚ ਭਾਗ ਲੈਣ ਆਏ ਕਿਸਾਨਾਂ ਤੋਂ ਨਹੀਂ ਲਿਆ ਕਿਰਾਇਆ

ਅਕਸਰ ਸੁਣਦੇ ਹਾਂ ਕਿ ਦਿੱਲੀ ਦਿਲ ਵਾਲਿਆਂ ਦੀ ਹੈ, ਹਾਲਾਂਕਿ ਖੇਤੀ ਕਨੂੰਨ ਵੀ ਦਿੱਲੀ ਵਿੱਚ ਹੀ ਬਣੇ ਅਤੇ ਹੁਣ ਕਿਸਾਨਾਂ ਨੂੰ ਤੰਗੀਆਂ ਪ੍ਰੇਸ਼ਾਨੀਆਂ ਵੀ ਦਿੱਲੀ ਵਿੱਚ ਬਣੇ ਇਨ੍ਹਾਂ ਖੇਤੀ ਬਿੱਲਾਂ ਕਰਕੇ ਹੀ ਹੋ ਰਹੀਆਂ ਹਨ। ਪਰ ਇਨ੍ਹਾਂ ਖੇਤੀ ਬਿੱਲਾਂ ਅਤੇ ਸਿਆਸਤ ਤੋਂ ਪਰੇ ਦਿੱਲੀ ਦੇ ਆਮ ਲੋਕ ਕਿਸਾਨਾਂ ਲਈ ਦਿਲ ਦੇ ਦਰਵਾਜ਼ੇ ਖੋਲ੍ਹੀ ਬੈਠੇ ਹਨ।

ਕੋਈ ਚਾਹ ਪਿਲਾ ਕੇ ਸੰਘਰਸ਼ ਵਿੱਚ ਹਿੱਸਾ ਪਾ ਰਿਹਾ ਹੈ। ਕੋਈ ਕੀਰਤਨ ਦੀ ਸੇਵਾ ਕਰ ਕੇ ਅਤੇ ਕੋਈ ਹੋਰ ਤਰੀਕੇ ਨਾਲ ਜਿਸ ਤੋਂ ਜੋ ਬਣਦਾ ਸਰਦਾ ਕਰ ਰਿਹਾ ਹੈ। ਅਜਿਹੀ ਹੀ ਇੱਕ ਵੀਡੀਓ ਹੁਣ ਹੋਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਆਟੋ ਡਰਾਇਵਰ ਦੀ ਦਰਿਆਦਿਲੀ ਅਤੇ ਕਿਸਾਨਾਂ ਦੇ ਸੰਘਰਸ਼ ਵਿੱਚ ਪਾਏ ਹਿੱਸੇ ਨੇ ਸਭ ਦਾ ਦਿਲ ਮੋਹ ਲਿਆ ਹੈ।
ਇਹ ਗਰੀਬ ਆਟੋ ਡਰਾਇਵਰ ਸੰਘਰਸ਼ ਵਿੱਚ ਹਿੱਸਾ ਪਾਉਣ ਆਏ ਕਿਸਾਨਾਂ ਤੋਂ ਇੱਕ ਰੁਪਇਆ ਵੀ ਕਿਰਾਏ ਦਾ ਨਹੀਂ ਲੈ ਰਿਹਾ। ਭਾਵੇਂ ਕਿ ਆਟੋ ਡਰਾਇਵਰ ਜੇਬ ਤੋਂ ਗਰੀਬ ਹੋਵੇਗਾ ਪਰ ਉਸ ਦੀ ਦਿਲ ਦੀ ਅਮੀਰੀ ਅੱਗੇ ਵੱਡੇ ਵੱਡੇ ਪੂੰਜੀਪਤੀ ਵੀ ਛੋਟੇ ਲੱਗ ਰਹੇ ਹਨ। ਸ਼ਾਇਦ ਇਹੋ ਜਿਹੇ ਇਨਸਾਨਾਂ ਕਾਰਨ ਹੀ ਦਿੱਲੀ ਨੂੰ ਦਿਲ ਵਾਲੀ ਦਿੱਲੀ ਕਿਹਾ ਜਾਂਦਾ ਹੈ। ਅਜਿਹੇ ਦਿਲ ਦੇ ਅਮੀਰਾਂ ਨੂੰ ਇੱਕ ਵਾਰ ਝੁਕ ਕੇ ਸਲਾਮ ਕਰਨ ਨੂੰ ਜ਼ਰੂਰ ਦਿਲ ਕਰਦਾ ਹੈ।
