ਆਕਸੀਜਨ ਨਾ ਮਿਲਣ ਕਾਰਨ 24 ਲੋਕਾਂ ਨੇ ਗਵਾਈ ਜਾਨ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸ ਹੁਣ ਸਿਖਰਾਂ ’ਤੇ ਹਨ। ਆਏ ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ, ਮੌਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮਹਾਮਾਰੀ ਦੇ ਨਾਲ-ਨਾਲ ਲੋਕ ਮਾੜੇ ਸਿਸਟਮ ਕਾਰਨ ਵੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ। ਆਕਸੀਜਨ ਦੀ ਭਾਰੀ ਕਮੀ ਦੇਸ਼ ਦੇ ਵੱਡੇ ਸੰਕਟ ਵਾਂਗ ਆ ਡਿੱਗੀ ਹੈ।

ਕੇਂਦਰ ਸਰਕਾਰ ਇਸ ਬਿਮਾਰੀ ਨਾਲ ਨਜਿੱਠਣ ਲਈ ਬਿਲਕੁੱਲ ਫੇਲ੍ਹ ਹੋ ਚੁੱਕੀ ਹੈ। ਕਰਨਾਟਕ ਦੇ ਚਾਮਾਰਾਜਾਨਗਰ ਤੋਂ ਬੁਰੀ ਖਬਰ ਮਿਲੀ ਹੈ। ਇੱਥੇ ਦੇ ਜ਼ਿਲ੍ਹਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਵਿੱਚ 24 ਮਰੀਜ਼ਾਂ ਦੀ ਆਕਸੀਜਨ ਦੀ ਘਾਟ ਨਾਲ ਮੌਤ ਹੋ ਗਈ ਹੈ। ਇਹਨਾਂ ਵਿੱਚ 23 ਕੋਰੋਨਾ ਪਾਜ਼ੀਟਿਵ ਮਰੀਜ਼ ਸਨ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਅਤੇ ਹਸਪਤਾਲ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉੱਥੇ ਹੀ ਚਾਮਾਰਾਜਾਨਗਰ ਦੇ ਇੰਚਾਰਜ ਐਸ ਸੁਰੇਸ਼ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਘਟਨਾ ਵਿੱਚ ਹੋਈਆਂ ਮੌਤਾਂ ਦੀ ਔਡਿਟ ਰਿਪੋਰਟ ਤਲਬ ਕੀਤੀ ਹੈ।
ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੈਦੀਯੂਰੱਪਾ ਨੇ ਡਿਪਟੀ ਕਮਿਸ਼ਨਰ ਤੋਂ ਸਾਰੀ ਜਾਣਕਾਰੀ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਔਡਿਟ ਰਿਪੋਰਟ ਵਿੱਚ ਇਹ ਸਾਰੀ ਜਾਣਕਾਰੀ ਹੋਵੇਗੀ ਕਿ ਮਰੀਜ਼ ਕਿਹੜੀ-ਕਿਹੜੀ ਬਿਮਾਰੀ ਨਾਲ ਪੀੜਤ ਸੀ ਜਦੋਂ ਉਹਨਾਂ ਦੀ ਮੌਤ ਹੋਈ।
