ਆਕਸੀਜਨ, ਦਵਾਈਆਂ ਸਮੇਤ ਦੋ ਜਹਾਜ਼ ਪਹੁੰਚੇ ਦਿੱਲੀ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧਣ ਕਾਰਨ ਕੋਰੋਨਾ ਵੈਕਸੀਨ ਦੇ ਨਾਲ-ਨਾਲ ਹੋਰ ਕਈ ਮੈਡੀਕਲ ਸਹੂਲਤਾਂ ਵੀ ਘੱਟ ਪੈ ਰਹੀਆਂ ਹਨ। ਵੀਰਵਾਰ ਨੂੰ ਰੂਸ ਤੋਂ ਮੈਡੀਕਲ ਜ਼ਰੂਰਤਾਂ ਦੀ ਪਹਿਲੀ ਖੇਪ ਦਿੱਲੀ ਪਹੁੰਚ ਗਈ ਹੈ। ਭਾਰਤ ਨੂੰ ਭੇਜੀ ਗਈ ਪਹਿਲੀ ਖੇਪ ਵਿੱਚ 20 ਆਕਸੀਜਨ ਕੰਸਟੇਟਰ, 75 ਵੈਂਟੀਲੇਟਰ, 150 ਬੈੱਡਸਾਈਡ ਮਾਨੀਟਰ ਅਤੇ ਦਵਾਈਆਂ ਸ਼ਾਮਲ ਹਨ।

ਇਹ ਸਾਰੀਆਂ ਮੈਡੀਕਲ ਵਸਤੂਆਂ ਰੂਸ ਤੋਂ ਸਵੇਰੇ ਦੋ ਹਵਾਈ ਜਹਾਜ਼ ਦਿੱਲੀ ਪਹੁੰਚੇ ਹਨ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਨੇ ਕਿਹਾ ਕਿ ਏਅਰ ਕਾਰਗੋ ਅਤੇ ਦਿੱਲੀ ਕਸਟਮਜ਼ ਦੋਵੇਂ ਜਹਾਜ਼ ਵਿੱਚ ਆਉਣ ਵਾਲੀਆਂ ਚੀਜ਼ਾਂ ਨੂੰ ਤੇਜ਼ੀ ਨਾਲ ਕਲੀਅਰੈਂਸ ਕਰ ਰਹੇ ਹਨ।
ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇਕ ਸਮੀਖਿਆ ਬੈਠਕ ਕਰ ਕੇ ਮਾਲ ਵਿਭਾਗ ਨੂੰ ਹਦਾਇਤ ਦਿੱਤੀ ਸੀ ਕਿ ਅਜਿਹੇ ਯੰਤਰਾਂ ਦੀ ਨਿਰਵਿਘਨ ਅਤੇ ਤੇਜ਼ੀ ਨਾਲ ਨਿਕਾਸੀ ਨੂੰ ਯਕੀਨੀ ਬਣਾਇਆ ਜਾਵੇ। ਅਹਿਮ ਗੱਲ ਇਹ ਹੈ ਕਿ ਅਮਰੀਕਾ, ਰੂਸ, ਫਰਾਂਸ, ਜਰਮਨੀ, ਆਸਟਰੇਲੀਆ, ਆਇਰਲੈਂਡ, ਬੈਲਜੀਅਮ, ਰੋਮਾਨੀਆ, ਲਕਸਮਬਰਗ, ਸਿੰਗਾਪੁਰ, ਪੁਰਤਗਾਲ, ਸਵੀਡਨ, ਨਿਊਜ਼ੀਲੈਂਡ, ਕੁਵੈਤ ਅਤੇ ਮਾਰੀਸ਼ਸ ਸਮੇਤ ਵੱਡੇ ਦੇਸ਼ਾਂ ਨੇ ਭਾਰਤ ਨੂੰ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਲਈ ਡਾਕਟਰੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਅਤੇ ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ। ਕੋਰੋਨਾ ਕਾਲ ਦੌਰਾਨ ਅਮਰੀਕਾ ਨੇ ਭਾਰਤ ਲਈ ਸਹਾਇਤਾ ਦਾ ਹੱਥ ਵਧਾਇਆ ਹੈ। ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਅਮਰੀਕਾ ਨੇ ਭਾਰਤ ਨੂੰ 10 ਕਰੋੜ ਤੋਂ ਵੱਧ ਵੀ ਸਪਲਾਈ ਭੇਜਣ ਦਾ ਫ਼ੈਸਲਾ ਕੀਤਾ ਹੈ।
ਭਾਰਤ ਨੂੰ ਇਹ ਸਪਲਾਈ ਵੀਰਵਾਰ ਨੂੰ ਮਿਲੇਗੀ। ਇਸ ਤੋਂ ਇਲਾਵਾ ਅਮਰੀਕਾ ਨੇ ਵੀ ਐਸਟਰਾਜ਼ੇਨੇਕਾ ਰਾਹੀਂ ਭਾਰਤ ਨੂੰ ਮਦਦ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਸਿੰਗਾਪੁਰ ਨੇ ਮੰਗਲਵਾਰ ਨੂੰ ਭਾਰਤ ਨੂੰ 256 ਆਕਸੀਜਨ ਸਿਲੰਡਰ ਸਪਲਾਈ ਕੀਤੇ ਸਨ। ਨਾਰਵੇ ਸਰਕਾਰ ਨੇ ਭਾਰਤ ਦੇ ਕੋਰੋਨਾ ਪੀੜਤਾਂ ਲਈ ਡਾਕਟਰੀ ਸੇਵਾਵਾਂ ਲਈ 2.4 ਮਿਲੀਅਨ ਡਾਲਰ ਦੇ ਯੋਗਦਾਨ ਦਾ ਐਲਾਨ ਕੀਤਾ ਹੈ।
