ਅੱਧੀ ਰਾਤ ਆਰਮੀ ਕੈਂਪ ਕੋਲ ਹੋਇਆ ਗਰਨੇਡ ਧਮਾਕਾ, ਅਣਪਛਾਤੇ ਬਾਈਕ ਸਵਾਰਾਂ ਨੇ ਸੁਟਿਆ ਗਰਨੇਡ

ਪਠਾਨਕੋਟ ਵਿਚ ਇਕ ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਕੋਲ ਇਕ ਗਰਨੇਡ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਕਿ ਰਾਤ 2.30 ਵਜੇ ਦੇ ਕਰੀਬ ਅਣਪਛਾਤੇ ਬਾਈਕ ਸਵਾਰਾਂ ਨੇ ਗ੍ਰੇਨੇਡ ਨਾਲ ਧਮਾਕਾ ਕੀਤਾ। ਹਾਲਾਂਕਿ ਇਸ ਧਮਾਕੇ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਫਿਲਹਾਲ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮਾਮਲੇ ‘ਚ ਐਸਐਸਪੀ ਪਠਾਨਕੋਟ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਦੇਰ ਰਾਤ ਕੁਝ ਵਿਅਕਤੀ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਫ਼ੌਜ ਦੇ ਤ੍ਰਿਵੇਣੀ ਗੇਟ ’ਤੇ ਗ੍ਰੇਨੇਡ ਸੁੱਟ ਕੇ ਫਰਾਰ ਹੋ ਗਏ। ਬਾਈਕ ‘ਤੇ ਕਿੰਨੇ ਲੋਕ ਸਨ, ਉਹ ਕਿੱਥੋਂ ਆਇਆ, ਕਿੱਥੇ ਗਏ, ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਉਹਨਾਂ ਕਿਹਾ ਕਿ ਫੌਜ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਿਸ ਦੇ ਆਧਾਰ ‘ਤੇ ਅੱਗੇ ਦੀ ਜਾਂਚ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਮੌਕੇ ਐਸਐਸਪੀ ਪਠਾਨਕੋਟ ਸੁਰਿੰਦਰ ਲਾਂਬਾ ਸਣੇ ਹੋਰ ਵੀ ਉੱਚ ਅਧਿਕਾਰੀ ਮੌਕੇ ’ਤੇ ਮੌਜੂਦ ਰਹੇ।
ਮਿਲਟਰੀ ਏਰੀਏ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਸੁਰਾਗ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਲਦ ਹੀ ਮੁਲਜ਼ਮਾਂ ਦਾ ਪਤਾ ਲਗਾ ਲਿਆ ਜਾਵੇਗਾ। ਫਿਲਹਾਲ ਇਹ ਧਮਾਕਾ ਕਿਸ ਮਕਸਦ ਨਾਲ ਕੀਤਾ ਗਿਆ ਹੈ ਇਸ ਦੇ ਕਾਰਨਾਂ ਬਾਰੇ ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ।
