ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ‘ਚ 1 ਅੱਤਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ

ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਸਖ਼ਤ ਮੁਕਾਬਲਾ ਹੋਇਆ ਹੈ। ਇਸ ਵਿੱਚ 1 ਅੱਤਵਾਦੀ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸ਼ੋਪੀਆਂ ਦੇ ਜੈਨਾਪੋਰੋ ਅਤੇ ਚੇਰਮਾਰਗ ਖੇਤਰਾਂ ਵਿੱਚ ਅੱਤਵਾਦੀ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਮੂੰਹਤੋੜ ਜਵਾਬ ਦੇ ਰਹੇ ਹਨ।

ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਸ਼ੋਪੀਆਂ ਦੇ ਜ਼ੈਨਪੋਰਾ ਅਤੇ ਚੇਰਮਾਰਗ ਖੇਤਰਾਂ ਵਿੱਚ ਇਹ ਮੁਕਾਬਲਾ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਸੀ। ਇਸ ਦੌਰਾਨ ਉੱਥੇ ਪਹਿਲਾਂ ਤੋਂ ਲੁਕੇ ਹੋਏ ਅੱਤਵਾਦੀਆਂ ਨੇ ਉਹਨਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ (ਆਈਜੀਪੀ) ਵਿਜੇ ਕੁਮਾਰ ਨੇ ਦੱਸਿਆ ਕਿ ਇਹ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ‘ਦ ਰੇਸਿਸਟੈਂਸ ਫਰੰਟ’ (ਟੀਆਰਐਫ) ਦੇ ਸੀ।
ਇਨ੍ਹਾਂ ‘ਚੋਂ ਇਕ ਅੱਤਵਾਦੀ 29 ਜਨਵਰੀ ਨੂੰ ਅਨੰਤਨਾਗ ‘ਚ ਹੈੱਡ ਕਾਂਸਟੇਬਲ ਅਲੀ ਮੁਹੰਮਦ ਗਨੀ ਦੇ ਕਤਲ ਮਾਮਲੇ ‘ਚ ਸ਼ਾਮਲ ਸੀ। ਦੱਸ ਦਈਏ ਕਿ ਕਿ ਦੱਖਣੀ ਕਸ਼ਮੀਰ ਨੂੰ ਬੇਹੱਦ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਇੱਥੇ ਅਕਸਰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਫਰਵਰੀ ਦੇ ਪਹਿਲੇ ਹਫਤੇ ਸ਼੍ਰੀਨਗਰ ਵਿੱਚ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।
