ਅੱਜ ਦੀ ਬੈਠਕ ਦੀ ਕਮਾਨ ਸੰਭਾਲਣਗੇ ਅਮਿਤ ਸ਼ਾਹ, ਦੇਸ਼ ’ਚ ਅੰਦੋਲਨ ਫੈਲਣ ਤੋਂ ਘਬਰਾਈ ਸਰਕਾਰ

ਪੂਰੇ ਭਾਰਤ ਵਿੱਚ ਕਿਸਾਨੀ ਅੰਦੋਲਨ ਦੀ ਲਹਿਰ ਦੌੜ ਗਈ ਹੈ। ਹਰ ਪਾਸੇ ਕਿਸਾਨੀ ਅੰਦੋਲਨ ਦਾ ਨਾਅਰਾ ਲਗਾਇਆ ਜਾ ਰਿਹਾ ਹੈ। ਹੁਣ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਦਾ ਜਲਦ ਤੋਂ ਜਲਦ ਹੱਲ ਕੱਢਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਅੱਜ ਦੀ ਬੈਠਕ ਵਿੱਚ ਸਰਕਾਰ ਕਿਸਾਨਾਂ ਪ੍ਰਤੀ ਨਰਮ ਰਵੱਈਆ ਰੱਖ ਕੇ ਕਿਸੇ ਨਾ ਕਿਸੇ ਹੱਲ ਤਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰੇਗੀ।

ਇਸ ਬਾਰੇ ਮੰਗਲਵਾਰ ਨੂੰ ਹੀ ਕੇਂਦਰੀ ਮੰਤਰੀਆਂ ਨਰਿੰਦਰ ਸਿੰਘ ਤੋਮਰ ਤੇ ਪਿਊਸ਼ ਗੋਇਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਰਣਨੀਤੀ ਬਣਾ ਲਈ ਹੈ। ਅੱਜ ਕਿਸਾਨਾਂ ਨਾਲ ਗੱਲਬਾਤ ਸਮੇਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲ ਮੰਤਰੀ ਪਿਊਸ਼ ਗੋਇਲ ਤੇ ਵਣਜ ਤੇ ਸਨਅਤ ਰਾਜ ਮੰਤਰੀ ਸੋਮ ਪ੍ਰਕਾਸ਼ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰਨਗੇ।
ਉਂਝ ਸਾਰੀ ਗੱਲਬਾਤ ਅਮਿਤ ਸ਼ਾਹ ਜ਼ਰੀਏ ਹੀ ਹੋਵੇਗੀ। ਸੂਤਰਾਂ ਮੁਤਾਬਕ ਅਮਿਤ ਸ਼ਾਹ ਬੈਠਕ ਵਿੱਚ ਸ਼ਾਮਲ ਤਾਂ ਨਹੀਂ ਹੋਣਗੇ ਪਰ ਪਲ-ਪਲ ਦੀ ਜਾਣਕਾਰੀ ਰੱਖਣਗੇ। ਦਰਅਸਲ ਸਰਕਾਰ ਨੇ ਸੰਘਰਸ਼ ਨੂੰ ਲਮਕਾਉਣ ਦੀ ਰਣਨੀਤੀ ਆਪਣਾਈ ਸੀ ਪਰ ਇਹ ਸਭ ਉਲਟਾ ਪੈਂਦਾ ਨਜ਼ਰ ਆ ਰਿਹਾ ਹੈ।
ਉੱਤਰਾਖੰਡ ਤੇ ਬਿਹਾਰ ਵਿੱਚ ਕਿਸਾਨਾਂ ਦੀ ਲਾਮਬੰਦੀ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਸੰਘਰਸ਼ ਹੋਰ ਲੰਬਾ ਚੱਲਿਆ ਤਾਂ ਪੂਰੇ ਦੇਸ਼ ਵਿੱਚ ਜਨ ਲਹਿਰ ਫੈਲ ਸਕਦੀ ਹੈ। ਅਜਿਹੇ ਵਿੱਚ ਇਹ ਹਿੰਸਕ ਰੁਖ ਵੀ ਅਖਤਿਆਰ ਕਰ ਸਕਦੀ ਹੈ।
ਇਸ ਲਈ ਸਰਕਾਰ ਹੁਣ ਜਲਦ ਤੋਂ ਜਲਦ ਹੱਲ ਚਾਹੁੰਦੀ ਹੈ। ਪਿਛਲੇ ਦਿਨੀਂ ਉੱਤਰਾਖੰਡ ਦੇ ਹਜ਼ਾਰਾਂ ਕਿਸਾਨ ਸਭ ਰੋਕਾਂ ਤੋੜ ਕੇ ਦਿੱਲੀ ਪਹੁੰਚ ਗਏ ਹਨ। ਇਸ ਤੋਂ ਇਲਾਵਾ ਮੰਗਲਵਾਰ ਨੂੰ ਬਿਹਾਰ ਵਿੱਚ ਕਿਸਾਨ ਮਹਾਸਭਾ ਦੇ ਬੈਨਰ ਹੇਠ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਨੇ ਪਟਨਾ ਵਿੱਚ ਰਾਜ ਭਵਨ ਵੱਲ ਮਾਰਚ ਕੀਤਾ।
ਇੱਥੇ ਵੀ ਕਿਸਾਨਾਂ ਨੂੰ ਰੋਕਣ ਲਈ ਵੱਡੀ ਗਿਣਤੀ ਬੈਰੀਕੇਡ ਲਾਏ ਸਨ ਪਰ ਵੱਡੀ ਗਿਣਤੀ ’ਚ ਮੌਜੂਦ ਕਿਸਾਨਾਂ ਨੇ ਪਲਾਂ ਵਿੱਚ ਹੀ ਸਾਰੀਆਂ ਰੋਕਾਂ ਹਟਾ ਦਿੱਤੀਆਂ। ਇਸ ਮਗਰੋਂ ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਕਈ ਥਾਵਾਂ ’ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ।
