News

ਅੱਜ ਤੋਂ 3 ਰੋਜ਼ਾ ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ, ਕੱਚੇ ਕਰਮਚਾਰੀ ਕਰਨਗੇ ਹੜਤਾਲ

ਪੀਆਰਟੀਸੀ ਠੇਕਾ ਕਰਮਚਾਰੀਆਂ ਦੀ ਯੂਨੀਅਨ ਵੱਲੋਂ ਸੋਮਵਾਰ ਤੋਂ 3 ਰੋਜ਼ਾ ਹੜਤਾਲ ਕਰ ਕੇ ਲਗਭਗ 1300 ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਸੋਮਵਾਰ ਤੋਂ ਬੁੱਧਵਾਰ ਤੱਕ ਪਨਬੱਸ ਅਤੇ ਪੀਆਰਟੀਸੀ ਦੀਆਂ ਲਗਭਗ 1300 ਬੱਸਾਂ ਨਹੀਂ ਚੱਲਣਗੀਆਂ। ਐਤਵਾਰ ਰਾਤ 12 ਵਜੇ ਤੋਂ ਹੀ ਬੱਸਾਂ ਦੀ ਆਵਾਜਾਈ ਬੁੱਧਵਾਰ ਰਾਤ 12 ਵਜੇ ਤੱਕ ਬੰਦ ਕਰ ਦਿੱਤੀ ਜਾਵੇਗੀ।

ਇੱਕ ਪਾਸੇ ਠੇਕਾ ਕਰਮਚਾਰੀ ਹੜਤਾਲ ਤੇ ਰਹਿਣਗੇ ਜਦਕਿ ਦੂਜੇ ਪਾਸੇ ਮਹਿਕਮੇ ਵੱਲੋਂ ਅਪਣੇ ਪੱਕੇ ਕਰਮਚਾਰੀਆਂ ਕੋਲੋਂ ਬੱਸਾਂ ਚਲਵਾਈਆਂ ਜਾਣਗੀਆਂ। ਇਸ ਪੂਰੇ ਘਟਨਾਕ੍ਰਮ ਵਿੱਚ ਸਰਕਾਰ ਅਤੇ ਯੂਨੀਅਨ ਆਹਮੋ-ਸਾਹਮਣੇ ਆ ਚੁੱਕੀਆਂ ਹਨ ਅਤੇ ਕੋਈ ਵੀ ਝੁਕਣ ਨੂੰ ਤਿਆਰ ਨਹੀਂ ਹੈ। ਪੰਜਾਬ ਵਿੱਚ ਪੱਕੇ ਕਰਮਚਾਰੀਆਂ ਦੀ ਗਿਣਤੀ ਘੱਟ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਜਲੰਧਰ ਡਿਪੂ-1 ਦੀ ਗੱਲ ਕੀਤੀ ਜਾਵੇ ਤਾਂ ਇੱਥੇ 95 ਬੱਸਾਂ ਹਨ, ਜਦਕਿ ਸਿਰਫ 7 ਪੱਕੇ ਡਰਾਈਵਰ ਹਨ। ਅਜਿਹੇ ਵਿੱਚ ਹਾਲਾਤ ਵਿੱਚ ਸਿਰਫ ਕੁਝ ਫ਼ੀਸਦੀ ਬੱਸਾਂ ਹੀ ਚੱਲ ਸਕਣਗੀਆਂ। ਇਹ ਗੱਲ ਸਾਹਮਣੇ ਆਈ ਸੀ ਕਿ ਠੇਕਾ ਕਰਮਚਾਰੀਆਂ ਨਾਲ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੀ ਸੋਮਵਾਰ ਨੂੰ ਬੈਠਕ ਹੋਵੇਗੀ ਜਦਕਿ ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਟਰਾਂਸਪੋਰਟ ਮੰਤਰੀ ਵੱਲੋਂ ਬੈਠਕ ਦਾ ਕੋਈ ਸੁਨੇਹਾ ਨਹੀਂ ਆਇਆ।

ਪਨਬੱਸ ਯੂਨੀਅਨ ਦੇ ਸੂਬਾ ਸਕੱਤਰ ਬਲਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਾਇਰੈਕਟਰ ਟਰਾਂਸਪੋਰਟ ਦੇ ਦਫ਼ਤਰ ਤੋਂ ਚਿੱਠੀ ਮਿਲੀ ਹੈ ਜਿਸ ਵਿੱਚ ਸੋਮਵਾਰ 11 ਵਜੇ ਬੈਠਕ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕਰਮਚਾਰੀਆਂ ਵਲੋਂ ਪਿਛਲੇ ਲੰਬੇ ਸਮੇ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੰਟ੍ਰੈਕਟ ਅਤੇ ਭਰਤੀ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਰੈਗੂਲਰ ਕਰੇ ਅਤੇ ਹੁਣ ਵੀ ਇਸੇ ਮੰਗ ਨੂੰ ਲੈਕੇ ਬਟਾਲਾ ਅਤੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ‘ਚ ਤਿੰਨ ਦਿਨਾਂ ਲਈ ਬੱਸਾਂ ਦਾ ਚੱਕਾ ਜਾਮ ਰਹੇਗਾ ਅਤੇ ਕਰਮਚਾਰੀ ਬਸ ਸਟੈਂਡ ਨੂੰ ਬੰਦ ਕਰ ਪੂਰਾ ਦਿਨ ਧਰਨਾ ਪ੍ਰਦਰਸ਼ਨ ਕਰਨਗੇ।

ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਮੰਤਰੀ ਮੀਟਿੰਗ ਕਰਨ ਨੂੰ ਤਿਆਰ ਹਨ ਪਰ ਇਸ ਦੇ ਲਈ ਯੂਨੀਅਨ ਨੂੰ ਹੜਤਾਲ ਮੁਲਤਵੀ ਕਰਨ ਨੂੰ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਯੂਨੀਅਨ ਜੇਕਰ ਹੜਤਾਲ ਕਰ ਰਹੀ ਹੈ ਤਾਂ ਮੰਤਰੀ ਨਾਲ ਮੀਟਿੰਗ ਕਿਵੇਂ ਹੋਵੇਗੀ? 

Click to comment

Leave a Reply

Your email address will not be published.

Most Popular

To Top