ਅੱਜ ਤੋਂ ਸ਼ੁਰੂ ਹੋਈ 108 ਐਂਬੂਲੈਂਸ ਸੇਵਾ, ਐਂਬੂਲੈਂਸ ਡਰਾਈਵਰਾਂ ਦਾ ਸਰਕਾਰ ਨਾਲ ਹੋਇਆ ਸਮਝੌਤਾ

 ਅੱਜ ਤੋਂ ਸ਼ੁਰੂ ਹੋਈ 108 ਐਂਬੂਲੈਂਸ ਸੇਵਾ, ਐਂਬੂਲੈਂਸ ਡਰਾਈਵਰਾਂ ਦਾ ਸਰਕਾਰ ਨਾਲ ਹੋਇਆ ਸਮਝੌਤਾ

ਲਾਡੋਵਾਲ ਟੋਲ ਪਲਾਜ਼ਾ ‘ਤੇ ਪਿਛਲੇ 7 ਦਿਨਾਂ ਤੋਂ ਚੱਲ ਰਹੀ 108 ਐਂਬੂਲੈਂਸ ਡਰਾਈਵਰਾਂ ਦੀ ਹੜਤਾਲ ਖ਼ਤਮ ਹੋ ਗਈ ਹੈ। ਅੱਜ 108 ਐਂਬੂਲੈਂਸ ਦੀ ਸੇਵਾ ਸ਼ੁਰੂ ਹੋ ਗਈ ਹੈ। ਬੀਤੇ ਦਿਨੀ ਪੰਜਾਬ ਸਰਕਾਰ ਨਾਲ ਮੀਟਿੰਗ ਵਿਚ ਕਿਹਾ ਗਿਆ ਸੀ ਕਿ ਐਸੋਸੀਏਸ਼ਨ ਦਾ ਸਰਕਾਰ ਨਾਲ ਸਮਝੌਤਾ ਹੋ ਗਿਆ ਹੈ। ਹੁਣ 108 ਦੀ ਸੇਵਾ ਸਵੇਰ ਤੋਂ ਸ਼ੁਰੂ ਹੋ ਗਈ ਹੈ।

ਬੀਤੇ ਦਿਨੀ ਐਂਬੂਲੈਂਸ ਐਸੋਸੀਏਸ਼ਨ ਦੀ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਹੋਈ ਸੀ। ਇਸ ਦੌਰਾਨ ਸਰਕਾਰ ਨੇ 4 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ। ਦੱਸ ਦੇਈਏ ਕਿ ਪਿਛਲੇ 7 ਦਿਨਾਂ ਤੋਂ 108 ਐਂਬੂਲੈਂਸ ਦੇ ਡਰਾਈਵਰ ਆਪਣੀਆਂ ਮੰਗਾਂ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ ‘ਤੇ ਪੰਜਾਬ ਸਰਕਾਰ ਖਿਲਾਫ ਧਰਨੇ ‘ਤੇ ਬੈਠੇ ਹਨ। ਪੰਜਾਬ ਦੀਆਂ ਸਾਰੀਆਂ 325 ਐਂਬੂਲੈਂਸਾਂ ਵੀ ਉਥੇ ਹੀ ਤਾਇਨਾਤ ਸਨ।

ਕਾਬਲੇਗੌਰ ਹੈ ਕਿ ਇਹ ਮੀਟਿੰਗ ਦੇਰ ਸ਼ਾਮ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੀਟਿੰਗ ਵਿੱਚ ਐਂਬੂਲੈਂਸ ਦੀ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਦੌਰਾਨ ਮੰਤਰੀ ਨੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ।

ਇਨ੍ਹਾਂ ਮੰਗਾਂ ਵਿਚ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੀ ਤਨਖਾਹ ਵਧਾਉਣਾ, ਬਰਖਾਸਤ ਐਂਬੂਲੈਂਸ ਮੁਲਾਜ਼ਮਾਂ ਨੂੰ ਵਾਪਸ ਲੈਣਾ ਵੀ ਸ਼ਾਮਲ ਹੈ। ਐਸੋਸੀਏਸ਼ਨ ਵੱਲੋਂ ਪ੍ਰਾਈਵੇਟ ਠੇਕੇਦਾਰ ਦਾ ਸਮਝੌਤਾ ਰੱਦ ਕਰਕੇ ਸਾਰੀਆਂ ਐਂਬੂਲੈਂਸਾਂ ਨੂੰ ਸਰਕਾਰ ਦੇ ਅਧੀਨ ਲੈਣ ਅਤੇ ਹਰਿਆਣਾ ਸਰਕਾਰ ਵਾਂਗ ਸਾਰੇ ਮੁਲਾਜ਼ਮਾਂ ਨੂੰ ਸਹੂਲਤਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਪਿਛਲੇ 6 ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਅਧਿਕਾਰੀ ਐਂਬੂਲੈਂਸ ਐਸੋਸੀਏਸ਼ਨ ਨੂੰ ਧਰਨਾ ਖਤਮ ਕਰਨ ਲਈ ਕਹਿ ਰਹੇ ਸਨ। ਹੁਣ ਆਖ਼ਰਕਾਰ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੁਣ ਐਂਬੂਲੈਂਸ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *