ਅੰਮ੍ਰਿਤਸਰ ਤੋਂ ਯੂਰਪ ਦੇ ਤੀਜੇ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ

ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਸ੍ਰੀ ਗੁਰੂ ਰਾਮ ਦਾਸ ਜੀ ਹੁਣ ਏਅਰ ਇੰਡੀਆ ਦੁਆਰਾ ਯੂਰਪ ਦੇ ਤੀਜੇ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਨਾਲ ਜੁੜਨ ਜਾ ਰਿਹਾ ਹੈ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਯੂਕੇ ਤੋਂ ਬਾਅਦ, ਹੁਣ ਇਟਲੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਚੰਗੀ ਖਬਰ ਹੈ।

ਏਅਰ ਇੰਡੀਆ ਵੱਲੋਂ 8 ਸਤੰਬਰ ਤੋਂ ਵਿਸ਼ਵ ਦੇ ਇਤਿਹਾਸਿਕ ਸ਼ਹਿਰਾਂ, ਅੰਮ੍ਰਿਤਸਰ ਤੇ ਰੋਮ ਵਿਚਕਾਰ ਹਰ ਹਫ਼ਤੇ ਵਿੱਚ ਇੱਕ ਸਿੱਧੀ ਉਡਾਣ ਮੁੜ ਸ਼ੁਰੂ ਕਰ ਰਹੀ ਹੈ। ਏਅਰ ਇੰਡੀਆ ਦੀ ਉਡਾਣ ਏਆਈ 123 ਹਰ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3.55 ਵਜੇ ਉਡਾਣ ਭਰੇਗੀ ਤੇ ਉਸੇ ਦਿਨ ਰਾਤ ਨੂੰ ਸਥਾਨਕ ਸਮੇਂ ਮੁਤਾਬਕ ਰਾਤ 8.22 ਵਜੇ ਰੋਮ ਪਹੁੰਚੇਗੀ।
ਵਾਪਸੀ ਦੀ ਉਡਾਣ ਏਆਈ 122 ਅਗਲੇ ਦਿਨ ਵੀਰਵਾਰ ਨੂੰ ਸ਼ਾਮ 7.00 ਵਜੇ ਰੋਮ ਤੋਂ ਰਵਾਨਾ ਹੋਵੇਗੀ ਤੇ ਸ਼ੁੱਕਰਵਾਰ ਨੂੰ ਸਵੇਰੇ 5.35 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਇਸ ਰੂਟ ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ। ਇਹਨਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ਤੇ 28 ਅਕਤੂਬਰ ਤੱਕ ਲਈ ਉਪਲੱਬਧ ਹੈ।
ਗੁਮਟਾਲਾ ਨੇ ਦੱਸਿਆ ਕਿ ਯੂਕੇ ਦੀ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਹੁਣ ਇਟਲੀ ਦੀ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀਆਂ ਤੋਂ ਛੋਟ ਨਾਲ ਏਅਰ ਇੰਡੀਆ ਵੱਲੋਂ ਇਸ ਸਿੱਧੀ ਉਡਾਣ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਪ੍ਰੈਲ, 2021 ਦੇ ਅਖੀਰ ਵਿੱਚ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧੇ ਕਾਰਨ, ਇਟਲੀ ਸਰਕਾਰ ਦੁਆਰਾ ਸਿੱਧੀਆਂ ਉਡਾਣਾਂ ਤੇ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਾਉਣ ਦੇ ਫ਼ੈਸਲੇ ਕਾਰਨ ਭਾਰਤ ਵਿੱਚ ਫਸੇ ਹਜ਼ਾਰਾਂ ਪੰਜਾਬੀ ਭਾਈਚਾਰੇ ਦੇ ਇਟਲੀ ਵਾਸੀਆਂ ਲਈ ਇਹ ਵੱਡੀ ਰਾਹਤ ਹੈ।
ਇਹਨਾਂ ਪਾਬੰਦੀਆਂ ਕਾਰਨ ਸਵਾਰੀਆਂ ਨੂੰ ਭਾਰੀ ਦਿੱਕਤ ਕਿਰਾਏ ਦੀ ਆ ਰਹੀ ਸੀ। ਉਹਨਾਂ ਨੂੰ ਵਾਪਸ ਆਪਣੇ ਮੁਲਕ ਜਾਣ ਲਈ ਯੂਰਪ ਦੇ ਦੂਜੇ ਦੇਸ਼ਾਂ ਰਾਹੀਂ ਵਿਸ਼ੇਸ਼ ਚਾਰਟਰ ਉਡਾਣਾਂ ਤੇ ਬਹੁਤ ਜ਼ਿਆਦਾ ਕਿਰਾਇਆ ਖਰਚ ਕੇ ਤੇ ਦੂਜੇ ਦੇਸ਼ਾਂ ਵਿੱਚ ਹੀ ਕੁਆਰੰਟੀਨ ਸ਼ਰਤਾਂ ਪੂਰੀਆਂ ਕਰਕੇ ਇਟਲੀ ਜਾਣਾ ਪੈ ਰਿਹਾ ਸੀ। ਇਸ ਸਿੱਧੀ ਉਡਾਣ ਨਾਲ ਹੁਣ ਉਹਨਾਂ ਦਾ ਕਿਰਾਇਆ ਵੀ ਘੱਟ ਲੱਗੇਗਾ ਤੇ ਉਹਨਾਂ ਦੀ ਯਾਤਰਾ ਦਾ ਸਮਾਂ ਸਿਰਫ 7 ਤੋਂ 8 ਘੰਟਿਆਂ ਦਾ ਰਹਿ ਜਾਵੇਗਾ।
