ਅੰਮ੍ਰਿਤਸਰ ‘ਚ ਲੁਟੇਰੇ ਬੇਖ਼ੌਫ, ਲੁੱਟੀ ਫਾਰਮੇਸੀ ਦੀ ਦੁਕਾਨ, ਘਟਨਾ CCTV ‘ਚ ਕੈਦ

 ਅੰਮ੍ਰਿਤਸਰ ‘ਚ ਲੁਟੇਰੇ ਬੇਖ਼ੌਫ, ਲੁੱਟੀ ਫਾਰਮੇਸੀ ਦੀ ਦੁਕਾਨ, ਘਟਨਾ CCTV ‘ਚ ਕੈਦ

ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੋਈ ਪਈ ਹੈ। ਜਿਹੜੇ ਲੋਕ ਹਥਿਆਰਾਂ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਪਾਉਂਦੇ ਹਨ ਪੁਲਿਸ ਉਹਨਾਂ ਤੇ ਕਾਰਵਾਈ ਕਰ ਰਹੀ ਹੈ। ਇਸ ਦੇ ਬਾਵਜੂਦ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਵੱਡੀਆਂ ਵਾਰਦਾਤਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਹੁਣ ਸਭ ਤੋਂ ਭੀੜ ਵਾਲੇ ਇਲਾਕੇ ਅਤੇ ਸਰਕਟ ਹਾਊਸ ਪੁਲਿਸ ਚੌਂਕੀ ਤੋਂ 200 ਮੀਟਰ ਦੂਰ ਇੱਕ ਵਾਰ ਫਿਰ ਫਾਰਮੈਸੀ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਕ ਲੁਟੇਰਾ ਦੁਕਾਨ ਅੰਦਰ ਦਾਖ਼ਲ ਹੋਇਆ ਅਤੇ ਗੰਨ ਪੁਆਇੰਟ ਤੇ 35 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹਨਾਂ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੁਟੇਰਾ ਜਦੋਂ ਦੁਕਾਨ ਅੰਦਰ ਹੁੰਦਾ ਹੈ ਤਾਂ ਉਹ ਫੋਨ ਤੇ ਕਿਸੇ ਨਾਲ ਗੱਲ ਕਰਦਾ ਹੈ। ਇਸ ਦੌਰਾਨ ਕੈਸ਼ ਕਾਊਂਟਰ ਤੇ ਬੈਠੇ ਨੌਜਵਾਨਾਂ ਨੂੰ ਪਿਸਤੌਲ ਦੀ ਨੋਕ ਤੇ ਡਰਾ ਕੇ ਉਹ ਗੱਲੇ ਵਿੱਚੋਂ ਪੈਸੇ ਕੱਢ ਕੇ ਫਰਾਰ ਹੋ ਜਾਂਦਾ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਰੋਜ਼ਾਨਾ ਹੀ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।

ਕੁਝ ਦਿਨ ਪਹਿਲਾਂ ਇਕ ਵਿਅਕਤੀ ਕੋਲੋਂ ਐਕਟਿਵਾ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਬੀਤੀ ਰਾਤ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਨੌਜਵਾਨ ਦੀ ਕੁੱਟਮਾਰ ਵੀ ਕੀਤੀ ਗਈ ਹੈ। ਇਨ੍ਹਾਂ ਸਾਰੇ ਮਾਮਲਿਆਂ ‘ਚ ਪੁਲਸ ਦੀ ਜਾਂਚ ਚੱਲ ਹੀ ਰਹੀ ਸੀ ਕਿ ਦੇਰ ਰਾਤ ਫਿਰ ਗੰਨ ਪੁਆਇੰਟ ‘ਤੇ 35000 ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ।

Leave a Reply

Your email address will not be published.