ਅੰਮ੍ਰਿਤਸਰ ’ਚ ਕਿਸਾਨਾਂ ਦੇ ਹੱਕ ’ਚ ਨਵਜੋਤ ਸਿੱਧੂ ਦੀ ਦਹਾੜ

ਰਾਜ ਸਭਾ ਵਿੱਚ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਸੂਬੇ ਭਰ ਵਿੱਚ ਕਿਸਾਨਾਂ ਦੇ ਧਰਨੇ ਜਾਰੀ ਹਨ। ਇਸ ਦੇ ਚਲਦੇ ਅੱਜ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵਿੱਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀ ਕੀਤੀ ਜਾ ਰਹੀ ਹੈ।

ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਧਰਨਾ ਲਾਇਆ ਗਿਆ ਸੀ, ਜਿਸ ‘ਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ ਸਨ। ਇਸ ਦੌਰਾਨ ਸਿੱਧੂ ਨੇ ਮੋਦੀ ਸਰਕਾਰ ਨੂੰ ਕਾਫ਼ੀ ਝਾੜ ਪਾਈ ਸੀ।
ਨਵਜੋਤ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਫ਼ੈਸਲਿਆਂ ਕਾਰਨ ਪੰਜਾਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬੀਆਂ ਦੀ ਪੱਗ ਨੂੰ ਹੱਥ ਪਾ ਰਹੀ ਹੈ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰ ਸੂਬੇ ਦੇ ਆਪਣੇ ਮਸਲੇ ਹੁੰਦੇ ਹਨ, ਜਿਨ੍ਹਾਂ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਸਮੇਤ ਬਾਕੀ ਨੁਮਾਇੰਦਿਆਂ ਦੀ ਚੋਣ ਕੀਤੀ ਜਾਂਦੀ ਹੈ ਪਰ ਮੋਦੀ ਸਰਕਾਰ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਨੂੰ ਦਬਾਉਣ ‘ਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜੀ. ਐਸ. ਟੀ. ਦੀ ਤਰ੍ਹਾਂ ਹੀ ਪੰਜਾਬ ਦੀ ਆਮਦਨ ‘ਤੇ ਵਾਰ ਕੀਤਾ ਹੈ ਅਤੇ ਸਾਡਾ ਹੀ ਪੈਸਾ ਸਾਨੂੰ ਨਹੀਂ ਮੋੜ ਰਹੀ, ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਇਹ ਧੱਕੇਸ਼ਾਹੀ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
