ਅੰਗਰੇਜ਼ੀ ਅਧਿਆਪਕ ਨੇ ਜਿੱਤਿਆ ਲੋਕਾਂ ਦਾ ਦਿਲ, ਮੁਫ਼ਤ ਕਰ ਰਿਹਾ ਕੋਰੋਨਾ ਮਰੀਜ਼ਾਂ ਦੀ ਸੇਵਾ

ਜਿੱਥੇ ਬਹੁਤੇ ਲੋਕਾਂ ਨੇ ਕੋਰੋਨਾ ਵਾਇਰਸ ਨੂੰ ਵੀ ਵਪਾਰ ਬਣਾ ਲਿਆ ਹੈ ਉੱਥੇ ਹੀ ਕਈ ਅਜਿਹੇ ਲੋਕ ਵੀ ਹਨ ਜੋ ਬਿਨਾਂ ਕਿਸੇ ਸੁਆਰਥ ਤੋਂ ਹੋਰਨਾਂ ਦੀ ਮਦਦ ਕਰਨਾ ਅਪਣਾ ਫਰਜ਼ ਸਮਝਦੇ ਹਨ। ਇਸ ਦੌਰਾਨ ਇਹਨਾਂ ਭਿਆਨਕ ਹਾਲਾਤਾਂ ਵਿੱਚ ਮੁੰਬਈ ਦੇ ਇੱਕ ਅਧਿਆਪਕ ਕੋਵਿਡ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਹਨ।

ਪੇਸ਼ੇ ਤੋਂ ਅਧਿਆਪਕ ਦੱਤਾਤ੍ਰੇਯ ਸਾਵੰਤ ਆਟੋ ਰਿਕਸ਼ਾ ਚਲਾ ਰਹੇ ਹਨ ਅਤੇ ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ਸਵਾਰੀ ਦੀ ਸਹੂਲਤ ਉਪਲੱਬਧ ਕਰਵਾ ਰਹੇ ਹਨ। ਉਹ ਪੀਪੀਈ ਕਿੱਟ ਪਾ ਕੇ ਵਾਹਨ ਨੂੰ ਸਾਫ਼ ਕਰਨ ਵਰਗੀਆਂ ਸਾਰੀਆਂ ਸਾਵਧਾਨੀਆਂ ਵੀ ਵਰਤ ਰਹੇ ਹਨ। ਸਾਵੰਤ ਗਿਆਨਸਾਗਰ ਵਿੱਦਿਆ ਮੰਦਰ ਸਕੂਲ ਵਿੱਚ ਅੰਗਰੇਜ਼ੀ ਪੜ੍ਹਾਉਂਦੇ ਹਨ।
ਸਾਵੰਤ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਰੀਜ਼ਾਂ ਨੂੰ ਘਰ ਤੋਂ ਹਸਪਤਾਲ ਅਤੇ ਹਸਪਤਾਲ ਤੋਂ ਘਰ ਮੁਫ਼ਤ ਛੱਡਦੇ ਹਨ। ਦੇਸ਼ ਵਿੱਚ ਜਦੋਂ ਤਕ ਕੋਰੋਨਾ ਵਾਇਰਸ ਰਹੇਗਾ ਉਹ ਇਸੇ ਤਰ੍ਹਾਂ ਅਪਣੀ ਸੇਵਾ ਨਿਭਾਉਂਦੇ ਰਹਿਣਗੇ।
ਅੱਜ ਦੇਸ਼ ਬਹੁਤ ਹੀ ਬੁਰੇ ਸਮੇਂ ਵਿਚੋਂ ਗੁਜ਼ਰ ਰਿਹਾ ਹੈ ਅਜਿਹੇ ਵਿੱਚ ਮਦਦ ਕਰਨ ਵਾਲੇ ਕੁੱਝ ਲੋਕ ਦਿਲ ਜਿੱਤ ਲੈਂਦੇ ਹਨ। ਬਹੁਤ ਸਾਰੇ ਕੋਰੋਨਾ ਮਰੀਜ਼ ਅਜਿਹੇ ਹਨ ਜਿਹਨਾਂ ਨੂੰ ਸਮੇਂ ਸਿਰ ਮੁਢਲੀ ਸਹਾਇਤਾ ਨਹੀਂ ਮਿਲ ਰਹੀ। ਪਰ ਉਹ ਅਜਿਹੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਪਹੁੰਚਾਉਣ ਦੀ ਸੇਵਾ ਕਰਦੇ ਰਹਿਣਗੇ।
