ਅਸਤੀਫ਼ੇ ਤੋਂ ਬਾਅਦ ਨਵਜੋਤ ਸਿੱਧੂ ਆਏ ਸਾਹਮਣੇ, ਕਹੀ ਵੱਡੀ ਗੱਲ

ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸਿੱਧੂ ਨੇ ਕਿਹਾ ਕਿ 6 ਸਾਲ ਪਹਿਲਾਂ ਜਿਹੜੇ ਬਾਦਲਾਂ ਨੂੰ ਕਲੀਨ ਚਿੱਟੀ ਦਿੱਤੀ ਗਈ ਉਹਨਾਂ ਨੂੰ ਇਨਸਾਫ਼ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਹਨਾਂ ਨੇ ਬਲੈਂਕੇਟ ਬੇਲ ਦਿੱਤੀ, ਉਹ ਐਡਵੋਕੇਟ ਜਨਰਲ ਹਨ। ਇਹਨਾਂ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਰਹ ਚੁੱਕੇ ਐਡਵੋਕੇਟ ਏਪੀਐਸ ਦਿਓਲ ਨੂੰ ਟਾਰਗੇਟ ਕੀਤਾ ਹੈ।

ਸਿੱਧੂ ਨੇ ਕਿਹਾ ਕਿ ਇਹਨਾਂ ਨੂੰ ਅਹੁਦੇ ਦੇ ਕੇ ਸਿਸਟਮ ਬਦਲਿਆ ਨਹੀਂ ਜਾ ਸਕਦਾ। ਜਿਹਨਾਂ ਨੇ ਡਰੱਗ ਤਸਕਰਾਂ ਨੂੰ ਸੁਰੱਖਿਆ ਦਿੱਤੀ ਹੈ ਉਹਨਾਂ ਨੂੰ ਪਹਿਰੇਦਾਰ ਨਹੀਂ ਲਾਇਆ ਜਾ ਸਕਦਾ। ਸਿੱਧੂ ਨੇ ਕਿਹਾ ਕਿ, “ਮੈਂ ਅੜਾਂਗਾ ਤੇ ਲੜਾਂਗਾ, ਅਹੁਦਾ ਜਾਂਦਾ ਤਾਂ ਜਾਵੇ।” ਪੰਜਾਬ ਕਾਂਗਰਸ ਵਿੱਚ ਮਚੀ ਘਮਾਸਾਨ ਦੌਰਾਨ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਅਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿੱਧੂ ਨੂੰ ਮਨਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਚੰਨੀ ਨੇ ਅੱਜ ਸਵੇਰੇ ਵੀ ਮੰਤਰੀ ਪਰਗਟ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵਾੜਿੰਗ ਨੂੰ ਪਟਿਆਲਾ ਭੇਜਿਆ ਸੀ।
ਉੱਥੇ ਦੋਵਾਂ ਮੰਤਰੀਆਂ ਦੀ ਸਿੱਧੂ ਨਾਲ ਬੈਠਕ ਹੋਈ ਅਤੇ ਇਸ ਤੋਂ ਬਾਅਦ ਦੋਵੇਂ ਮੰਤਰੀ ਚੰਡੀਗੜ੍ਹ ਆ ਗਏ। ਉੱਧਰ ਸੀਐਮ ਚੰਨੀ ਦੀ ਅਗਵਾਈ ਵਿੱਚ ਕੈਬਨਿਟ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਕੈਬਨਿਟ ਬੈਠਕ ਵਿੱਚ ਹਾਈਕਮਾਨ ਲਈ 18 ਸੂਤਰੀ ਫਾਰਮੂਲੇ ਨਾਲ ਜੁੜੇ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ।
