ਅਮਿਤ ਸ਼ਾਹ ਨੇ ਸੰਭਾਲਿਆ ਕਿਸਾਨੀ ਮੋਰਚਾ, ਘੜੀ ਜਾ ਰਹੀ ਨਵੀਂ ਰਣਨੀਤੀ

ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਵੀ ਸਰਗਰਮ ਹੋ ਚੁੱਕੀ ਹੈ। ਕਿਸਾਨੀ ਅੰਦੋਲਨ ਹੋਰ ਭੜਕਣ ਮਗਰੋਂ ਗ੍ਰਹਿ ਵਿਭਾਗ ਅਮਿਤ ਸ਼ਾਹ ਨੇ ਸਾਰਾ ਮਾਮਲਾ ਅਪਣੇ ਹੱਥ ਲੈ ਲਿਆ ਹੈ। ਸ਼ਾਹ ਪਿਛਲੇ ਦੋ ਦਿਨਾਂ ਤੋਂ ਬੇਹੱਦ ਸਰਗਰਮ ਨਜ਼ਰ ਆ ਰਹੇ ਹਨ।

ਪਿਛਲੇ ਦੋ ਦਿਨਾਂ ਵਿੱਚ ਸ਼ਾਹ ਨੇ 5 ਤੋਂ ਵੱਧ ਮੀਟਿੰਗਾਂ ਕੀਤੀਆਂ ਹਨ। ਉਹਨਾਂ ਨੇ ਕਿਸਾਨਾਂ ਨਾਲ ਹੁਣ ਤਕ ਸਿਰਫ ਇਕ ਮੁਲਾਕਾਤ ਕੀਤੀ ਹੈ ਪਰ ਹੁਣ ਉਹ ਹਰ ਮਸਲੇ ਨੂੰ ਖੁਦ ਵੇਖ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਕਾਰ ਹਰ ਰਾਜ ਦੇ ਕਿਸਾਨਾਂ ਲਈ ਵੱਖਰੀ ਰਣਨੀਤੀ ਤਿਆਰ ਕਰ ਰਹੀ ਹੈ।
ਖੇਤੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਦੇ 19ਵੇਂ ਦਿਨ ਕੇਂਦਰ ਸਰਕਾਰ ਖ਼ਿਲਾਫ਼ ਰੋਸ ਹੋਰ ਵਧ ਗਿਆ ਹੈ। ਕਿਸਾਨ ਅੱਜ ਦਿੱਲੀ ਦੀਆਂ ਹੱਦਾਂ ਤੇ ਭੁੱਖ ਹੜਤਾਲ ਕਰ ਰਹੇ ਹਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਢੂੰਨੀ ਨੇ ਕਿਹਾ ਕਿ ਸਰਕਾਰ ਐਮਐਸਪੀ ਤੇ ਸਭ ਨੂੰ ਗੁੰਮਰਾਹ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ, ਭਾਜਪਾ ਪ੍ਰਚਾਰ ਕਰ ਰਹੀ ਹੈ ਕਿ ਐਮਐਸਪੀ ਜਾਰੀ ਰਹੇਗੀ। ਦੂਜੇ ਪਾਸੇ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 8 ਦਸੰਬਰ ਨੂੰ ਕਿਸਾਨਾਂ ਨਾਲ ਬੈਠਕ ਵਿੱਚ ਕਿਹਾ ਸੀ ਕਿ ਸਰਕਾਰ ਐਮਐਸਪੀ ‘ਤੇ ਸਾਰੀਆਂ 23 ਫਸਲਾਂ ਨਹੀਂ ਖਰੀਦ ਸਕਦੀ, ਕਿਉਂਕਿ ਇਸ ‘ਤੇ 17 ਲੱਖ ਕਰੋੜ ਰੁਪਏ ਖਰਚ ਆਉਣਗੇ।
ਉਧਰ ਕਿਸਾਨ ਜੱਥੇਬੰਦੀਆਂ ਦਾ ਵੀ ਇਹੀ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਮੰਤਰੀ ਵੀ ਕਾਨੂੰਨਾਂ ਨੂੰ ਲੈ ਕੇ ਉਲਝਣ ਵਿੱਚ ਹਨ। ਕੋਈ ਲੀਡਰ ਇਸ ਦੇ ਫਾਇਦੇ ਦਸਦਾ ਹੈ ਤੇ ਕੋਈ ਨੁਕਸਾਨ।
