ਅਮਿਤ ਸ਼ਾਹ ਨੇ ਜਿਸ ਗਰੀਬ ਦੇ ਘਰੋਂ ਖਾਧੀ ਰੋਟੀ, ਉਸ ਨਾਲ ਨਹੀਂ ਕੀਤੀ ਗੱਲ

ਖੇਤੀ ਕਾਨੂੰਨਾਂ ਨੂੰ ਲੈ ਕੇ ਲੋਕਾਂ ਦਾ ਪਾਰਾ ਹਾਈ ਹੋਇਆ ਪਿਆ ਹੈ। ਲੋਕ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਦੋ ਦਿਨਾਂ ਦੇ ਦੌਰੇ ’ਤੇ ਕੋਲਕਾਤਾ ਪਹੁੰਚੇ ਸਨ। ਅਮਿਤ ਸ਼ਾਹ ਨੂੰ ਭੋਜਨ ਕਰਵਾਉਣ ਵਾਲੇ ਬਾਉਲ ਗਾਇਕ ਬਾਸੁਦੇਬ ਦਾਸ ਨੇ ਕਿਹਾ ਕਿ ਉਹ ਅਮਿਤ ਸ਼ਾਹ ਨਾਲ ਕੋਈ ਗੱਲ ਨਹੀਂ ਕਰ ਸਕੇ ਕਿਉਂ ਕਿ ਸ਼ਾਹ ਉਹਨਾਂ ਦੀ ਸ਼ਾਂਤੀਨਿਕੇਤਨ ਸਥਿਤ ਰਿਹਾਇਸ਼ਗਾਹ ਤੇ ਦੁਪਹਿਰ ਦਾ ਭੋਜਨ ਕਰਨ ਤੋਂ ਤੁਰੰਤ ਬਾਅਦ ਚਲੇ ਗਏ।

ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਨੇ ਗਰੀਬੀ ਵਿੱਚ ਜੀਵਨ ਬਤੀਤ ਕਰ ਰਹੇ ਬਾਸੁਦੇਬ ਦਾਸ ਨੂੰ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਉੱਧਰ ਭਾਜਪਾ ਦਾ ਦਾਅਵਾ ਹੈ ਕਿ ਅਮਿਤ ਸ਼ਾਹ ਦੇ ਦਾਸ ਦੇ ਘਰ ਜਾਣ ਤੋਂ ਬਅਦ ਹੀ ਤ੍ਰਿਣਮੂਲ ਸਰਕਾਰ ਨੂੰ ਬਾਉਲ ਗਾਇਕ ਦੀਆਂ ਤਕਲੀਫ਼ਾਂ ਵਿਖਾਈ ਦੇਣ ਲੱਗੀਆਂ ਹਨ।
ਗਾਇਕ ਦਾਸ ਦਾ ਕਹਿਣਾ ਹੈ ਕਿ ਉਹ 29 ਦਸੰਬਰ ਨੂੰ ਜ਼ਿਲ੍ਹੇ ’ਚ ਹੋਣ ਵਾਲੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਵਿੱਚ ਸ਼ਾਮਲ ਹੋਣਗੇ। ਤ੍ਰਿਣਮੂਲ ਕਾਂਗਰਸ ਦੇ ਬੀਰਭੂਮ ਜ਼ਿਲ੍ਹੇ ਦੇ ਪ੍ਰਧਾਨ ਅਨੁਬ੍ਰਤ ਮੰਡਲ ਨੇ ਦਾਸ ਨੂੰ ਰਾਜ ਸਰਕਾਰ ਤੋਂ ਮਾਲੀ ਇਮਦਾਦ ਦਿਵਾਉਣ ਦਾ ਵਾਅਦਾ ਕੀਤਾ ਹੈ।
ਦਾਸ ਨੇ ਕਿਹਾ,‘ਸ਼ਾਹ ਜੀ ਇੰਨੇ ਵੱਡੇ ਵਿਅਕਤੀ ਹਨ, ਮੈਂ ਉਨ੍ਹਾਂ ਨੂੰ ਕੁਝ ਆਖਣਾ ਸੀ। ਮੈਂ ਉਨ੍ਹਾਂ ਨਾਲ ਬਾਉਲ ਕਲਾਕਾਰਾਂ ਦੀ ਸਥਿਤੀ ਬਾਰੇ ਗੱਲ ਕਰਨੀ ਚਾਹੁੰਦਾ ਸਾਂ।’ ਉਹਨਾਂ ਅੱਗੇ ਕਿਹਾ ਕਿ ਰਾਜ ਸਰਕਾਰ ਸਾਡੀ ਮਦਦ ਕਰ ਰਹੀ ਹੈ ਪਰ ਕੀ ਕੇਂਦਰ ਸਰਕਾਰ ਇਸ ਸਬੰਧੀ ਕੁਝ ਕਰ ਸਕਦੀ ਹੈ।
ਉਹਨਾਂ ਨੂੰ ਦਸਿਆ ਕਿ ਉਹਨਾਂ ਦੀ ਆਰਥਿਕ ਹਾਲਤ ਇੰਨੀ ਪਤਲੀ ਹੈ ਕਿ ਉਹ ਅਪਣੀ ਧੀ ਦੀ ਸਿਖਿਆ ਲਈ ਪੈਸੇ ਨਹੀਂ ਭਰ ਸਕਦਾ।
