ਭਾਜਪਾ ਲੀਡਰ ਨੂੰ ਦੇਖ ਕਿਸਾਨ ਹੋਏ ਅੱਗ ਬਾਬੁਲਾ, ਭੰਨੇ ਗੱਡੀ ਦੇ ਸ਼ੀਸ਼ੇ

ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ। ਜਦੋਂ ਵੀ ਉਹ ਕਿਸੇ ਭਾਜਪਾ ਲੀਡਰ ਨੂੰ ਦੇਖਦੇ ਹਨ ਤਾਂ ਉਹਨਾਂ ਦੀ ਖੂਨ ਖੌਲਣ ਲਗਦਾ ਹੈ। ਕੁਰਕਸ਼ੇਤਰ ਦੇ ਸ਼ਾਹਾਬਾਦ ਵਿੱਚ ਕਿਸਾਨਾਂ ਨੇ ਸੰਸਦ ਮੈਂਬਰ ਨਾਇਬ ਸਿੰਘ ਸੈਨੀ ਦੀ ਗੱਡੀ ’ਤੇ ਹਮਲਾ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਿਸ ਮੌਕੇ ’ਤੇ ਪਹੁੰਚ ਗਈ। ਇਸ ਤੋਂ ਬਾਅਦ ਸ਼ਾਹਬਾਦ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸ਼ਾਹਾਬਾਦ ਭਾਰਤੀ ਕਿਸਾਨ ਯੂਨੀਅਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਗ੍ਰਹਿ ਖੇਤਰ ਵੀ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਸ਼ਾਹਾਬਾਦ ਵਿੱਚ ਜੇਜੇਪੀ ਵਿਧਾਇਕ ਰਾਮਕਰਨ ਕਾਲਾ ਦੀ ਰਿਹਾਇਸ਼ ਕੋਲ ਧਰਨੇ ’ਤੇ ਬੈਠੇ ਸਨ।
ਕੁਰਕਸ਼ੇਤਰ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਸ਼ਾਹਾਬਾਦ ਦੇ ਮਾਜਰੀ ਮੁਹੱਲਾ ਵਿੱਚ ਭਾਜਪਾ ਵਰਕਰ ਇੰਦਰਜੀਤ ਦੇ ਘਰ ਪਹੁੰਚੇ ਸਨ। ਉਹ ਉਹਨਾਂ ਦੇ ਘਰ ਚਾਹ ਪੀ ਰਹੇ ਸਨ। ਕਿਸਾਨਾਂ ਨੂੰ ਇਸ ਦਾ ਪਤਾ ਲੱਗਿਆਂ ਤਾਂ ਉਹਨਾਂ ਨੇ ਵਿਧਾਇਕ ਦੇ ਨਿਵਾਸ ਤੋਂ ਉਠ ਕੇ ਸੰਸਦ ਮੈਂਬਰ ਦਾ ਘਿਰਾਓ ਕਰ ਦਿੱਤਾ।
ਸੰਸਦ ਮੈਂਬਰ ਨੇ ਗੱਡੀ ’ਚੋਂ ਨਿਕਲਣ ਦਾ ਯਤਨ ਕੀਤਾ ਤਾਂ ਕਿਸਾਨਾਂ ਨੇ ਗੱਡੀ ਨੂੰ ਘੇਰ ਲਿਆ। ਕਿਸਾਨਾਂ ਨੇ ਗੱਡੀ ’ਤੇ ਹਮਲਾ ਕਰਕੇ ਗੱਡੀ ਦਾ ਸ਼ੀਸ਼ਾ ਭੰਨ ਦਿੱਤਾ। ਇਸ ਤੋਂ ਬਾਅਦ ਸੰਸਦ ਮੈਂਬਰ ਗੱਡੀ ’ਚੋਂ ਬਾਹਰ ਨਿਕਲ ਗਏ। ਕਿਸਾਨ ਪਿਛਲੇ ਕਈ ਦਿਨਾਂ ਤੋਂ ਵਿਧਾਇਕ ਰਾਮਕਰਣ ਕਾਲਾ ਦੇ ਨਿਵਾਸ ’ਤੇ ਧਰਨਾ ਦੇ ਰਹੇ ਹਨ।
