ਅਦਾਲਤ ਨੇ ਦਿੱਲੀ ਪੁਲਿਸ ਨੂੰ ਦੀਪ ਸਿੱਧੂ ਦੀ ਵਾਈਸ ਸੈਂਪਲਿੰਗ ਦੀ ਦਿੱਤੀ ਇਜਾਜ਼ਤ

ਦੀਪ ਸਿੱਧੂ ਜਿਸ ਨੂੰ ਲੈ ਕੇ ਲਾਲ ਕਿਲ੍ਹੇ ਦੀ ਹਿੰਸਾ ਦਾ ਮੁੱਖ ਦੋਸ਼ੀ ਮੰਨਿਆ ਗਿਆ ਹੈ। ਉਸ ਤੇ ਲਾਲ ਕਿਲ੍ਹੇ ਅੰਦਰ ਤੋੜ-ਫੋੜ ਕਰਨ ਦੇ ਵੀ ਦੋਸ਼ ਲਾਏ ਗਏ ਹਨ। ਦੀਪ ਸਿੱਧੂ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਸ਼ਨੀਵਾਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ।

ਸਿੱਧੂ ਨੂੰ ਤੀਹ ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਮਿਲ ਗਈ ਸੀ ਅਤੇ ਸ਼ਰਤ ਇਹ ਸੀ ਕਿ ਉਹ ਪੁਲਿਸ ਦੇ ਬੁਲਾਵੇ ‘ਤੇ ਪੇਸ਼ ਹੋਏਗਾ, ਆਪਣਾ ਪਾਸਪੋਰਟ ਜਮ੍ਹਾ ਕਰਾਏਗਾ, ਆਪਣਾ ਫੋਨ ਨੰਬਰ ਨਹੀਂ ਬਦਲੇਗਾ ਅਤੇ ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ। ਤੀਸ ਹਜ਼ਾਰੀ ਅਦਾਲਤ ਨੇ ਅਗਲੀ ਜਾਂਚ ਲਈ ਦਿੱਲੀ ਪੁਲਿਸ ਨੂੰ ਸਿੱਧੂ ਦੀ ਵਾਈਸ ਸੈਂਪਲ ਲੈਣ ਦੀ ਆਗਿਆ ਦੇ ਦਿੱਤੀ ਹੈ।
ਪੁਲਿਸ ਨੇ ਵਾਈਸ ਸੈਂਪਲ ਦੀ ਮੰਗ ਕਰਦਿਆਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਸਿੱਧੂ ਦੀ ਆਵਾਜ਼ ਨੂੰ ਫੇਸਬੁੱਕ ਅਤੇ ਹੋਰ ਵੀਡੀਓਜ਼ ਨਾਲ ਮੈਚ ਕਰਨਾ ਹੈ। ਪੁਲਿਸ ਨੇ ਕੋਰਟ ਤੋਂ 4 ਦਿਨਾਂ ਦਾ ਰਿਮਾਂਡ ਮੰਗਿਆ ਸੀ। ਦੀਪ ਸਿੱਧੂ ਦੇ ਵਕੀਲਾਂ ਨੇ ਰਿਮਾਂਡ ਦਾ ਵਿਰੋਧ ਕੀਤਾ ਸੀ।
ਦੀਪ ਸਿੱਧੂ ਦੀ ਪੁਰਾਤੱਤਵ ਵਿਭਾਗ ਵੱਲੋਂ ਦਰਜ ਕਰਵਾਈ ਇੱਕ ਐਫਆਈਆਰ ਤਹਿਤ ਗ੍ਰਿਫ਼ਤਾਰੀ ਕੀਤੀ ਗਈ ਸੀ। ਇਸ ਵਿੱਚ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਕੌਮੀ ਸਮਾਰਕ ਬੇਅਦਬੀ ਰੋਕੂ ਕਾਨੂੰਨ, ਪੁਰਾਤਨ ਇਮਾਰਤਾਂ ਤੇ ਸਮਾਰਕਾਂ ਦੀ ਰਾਖੀ ਲਈ ਬਣੇ ਕਾਨੂੰਨ ਸਮੇਤ ਆਰਮਜ਼ ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ।
