News

ਅਗਾਮੀ ਚੋਣਾਂ ਤਕ ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨਾਲ ਹੋ ਸਕਦਾ ਹੈ ਗੱਠਜੋੜ?

ਸੁਖਬੀਰ ਸਿੰਘ ਬਾਦਲ ਨੇ 2022 ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ ਤੇ ਦਲਿਤ ਚਿਹਰਾ ਪਾਰਟੀ ਦਾ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਵਿੱਚ ਚਰਚਾ ਛਿੜ ਗਈ ਹੈ ਕਿ ਪੰਜਾਬ ਵਿੱਚ ਜਲਦ ਹੀ ਅਕਾਲੀ ਦਲ ਤੇ ਬਸਪਾ ਵਿਚਕਾਰ ਗਠਜੋੜ ਹੋ ਸਕਦਾ ਹੈ।

May be an image of 3 people, beard and people standing

ਜਾਣਕਾਰੀ ਇਹ ਵੀ ਮਿਲੀ ਹੈ ਕਿ ਅਕਾਲੀ ਦਲ ਅਤੇ ਬਸਪਾ ਵਿਚਾਲੇ ਗਠਜੋੜ ਲਗਭਗ ਤੈਅ ਹੋ ਚੁੱਕਾ ਹੈ ਅਤੇ ਇਸ ਬਾਰੇ ਮਹਿਜ਼ ਰਸਮੀ ਐਲਾਨ ਬਾਕੀ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਦੋਵਾਂ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਹੋ ਚੁੱਕਾ ਹੈ। ਸੁਖਬੀਰ ਸਿੰਘ ਬਾਦਲ ਕੱਲ੍ਹ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਤੇ ਜਲੰਧਰ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।

ਇਸ ਫੇਰੀ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਗਠਜੋੜ ਤਹਿਤ ਲੜੀਆਂ ਜਾ ਸਕਦੀਆਂ ਹਨ। ਸਿਆਸੀ ਟਿਪਣੀਕਾਰ ਬਾਦਲ ਦੇ ਇਸ ਬਿਆਨ ਨੂੰ ਬਸਪਾ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਵਜੋਂ ਵੇਖ ਰਹੇ ਹਨ। ਅੰਕੜੇ ਦੱਸਦੇ ਹਨ ਕਿ 2017 ਵਿੱਚ ਬਸਪਾ ਨੇ 117 ਵਿਧਾਨ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਸਨ ਅਤੇ ਕੁੱਲ 234400 ਵੋਟਾਂ ਪ੍ਰਾਪਤ ਕੀਤੀਆਂ ਸਨ ਜੋ ਕੁੱਲ ਵੋਟਾਂ ਦਾ 2 ਫ਼ੀਸਦ ਤੋਂ ਵੱਧ ਬਣਦਾ ਸੀ। 

2019 ਵਿੱਚ ਜਲੰਧਰ ਲੋਕ ਸਭਾ ਸੀਟ ‘ਤੇ ਬਸਪਾ ਉਮੀਦਵਾਰ ਨੂੰ 2 ਲੱਖ ਤੋਂ ਵੱਧ, ਹੁਸ਼ਿਆਰਪੁਰ 1 ਲੱਖ ਅਤੇ ਆਨੰਦਪੁਰ ਲੋਕ ਸਭਾ ਸੀਟ ਤੋਂ ਵੀ 1 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ। ਹੁਸ਼ਿਆਰਪੁਰ ‘ਚ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ 16 ਫ਼ੀਸਦ ’ਤੇ ਆਨੰਦਪੁਰ ਸਾਹਿਬ 7 ਫ਼ੀਸਦ ਵੱਧ ਵੋਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ ਵਿੱਚ ਬਸਪਾ ਨੂੰ ਕੁੱਲ 3.50 ਫ਼ੀਸਦ ਵੋਟਾਂ ਮਿਲਣਾ ਇਹ ਦਰਸਾਉਂਦਾ ਹੈ ਕਿ ਬਸਪਾ ਨਾਲ ਗੱਠਜੋੜ ਅਕਾਲੀ ਦਲ ਦੇ ਪੱਖ ਵਿੱਚ ਰਹਿ ਸਕਦਾ ਹੈ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਵਾਰ ਅਕਾਲੀ ਦਲ ਅਤੇ ਬੀਜੇਪੀ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਉਲਝਦੀ ਰਹੀ ਹੈ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਅਤੇ ਵੱਡੇ ਆਗੂ ਦੇ ਰੂਪ ਵਿੱਚ ਭਾਜਪਾ ਉਨ੍ਹਾਂ ਦੀ ਗੱਲ ਨੂੰ ਸਵੀਕਾਰ ਕਰਦੀ ਰਹੀ ਹੈ। ਗੱਠਜੋੜ ਦੀ ਸਰਕਾਰ ਵਿੱਚ ਭਾਜਪਾ ਆਗੂਆਂ ਨੂੰ ਹੋਰ ਅਹੁਦੇ ਤਾਂ ਮਿਲਦੇ ਰਹੇ ਹਨ ਪਰ ਭਾਜਪਾ ਦਾ ਉਪ ਮੁੱਖ ਮੰਤਰੀ ਬਣਾਉਣ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ।

ਹੁਣ ਸੁਖਬੀਰ ਬਾਦਲ ਵੱਲੋਂ ਭਾਜਪਾ ਨਾਲੋਂ ਗੱਠਜੋੜ ਤੋੜ ਕੇ ਦਲਿਤ ਚਿਹਰੇ ਨੂੰ ਉਪ ਮੁੱਤਰੀ ਦਾ ਅਹੁਦਾ ਦੇਣ ਦਾ ਐਲਾਨ ਜਿੱਥੇ ਭਾਜਪਾ ਆਗੂਆਂ ਨੂੰ ਰੜਕ ਰਿਹਾ ਹੋਵੇਗਾ ਉਥੇ ਹੀ ਬਸਪਾ ਪਾਰਟੀ ਅੰਦਰ ਵੀ ਹਲਚਲ ਤੇਜ਼ ਹੋ ਗਈ ਹੋਵੇਗੀ ਕਿਉਂਕਿ ਇਸ ਸਮੇਂ ਸੂਬੇ ਵਿੱਚ ਬਸਪਾ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਨਾਲ ਅਕਾਲੀ ਦਲ ਦਾ ਸਮਝੌਤਾ ਹੋਣ ਦੀਆਂ ਸੰਭਾਵਨਾਵਾਂ ਹਨ।

Click to comment

Leave a Reply

Your email address will not be published. Required fields are marked *

Most Popular

To Top