ਅਗਲੇ ਸਾਲ ਤੱਕ ਹੋ ਜਾਵੇਗੀ ਲਿੰਕ ਸੜਕਾਂ ਦੀ ਮੁਰੰਮਤ: ਕੈਪਟਨ ਅਮਰਿੰਦਰ ਸਿੰਘ

ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਸਿਆਸੀ ਪਾਰਟੀਆਂ ਵਿੱਚ ਹਲਚਲ ਸ਼ੁਰੂ ਹੋ ਗਈ ਹੈ। ਉੱਧਰ ਮੌਜੂਦਾ ਪੰਜਾਬ ਸਰਕਾਰ ਵੀ ਹੱਲਾਸ਼ੇਰੀ ਲੈਣ ਤੋਂ ਪਿਛੇ ਨਹੀਂ ਹੱਟ ਰਹੀ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਸੂਬੇ ਭਰ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਅਗਲੇ ਇੱਕ ਸਾਲ ਵਿੱਚ ਇਹ ਮੁਕੰਮਲ ਹੋ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ 34,977 ਕਿਲੋਮੀਟਰ ਲਿੰਕ ਸੜਕਾਂ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜੋ ਕਿ ਅਪ੍ਰੈਲ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 6,162 ਕਿਲੋਮੀਟਰ ਦੀ ਇੱਕ ਹੋਰ ਲਿੰਕ ਸੜਕਾਂ ਦਾ ਕੰਮ ਅਗਲੇ ਵਿੱਤ ਸਾਲ ਤਕ ਪੂਰਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ 17,600 ਕਿਲੋਮੀਟਰ ਲਿੰਕ ਸੜਕਾਂ ਤੇ 82 ਕਰੋੜ ਦੀ ਲਾਗਤ ਨਾਲ ਪੈਚ ਵਰਕ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ।
ਦਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਇਜਲਾਸ ਅੱਜ ਸੋਮਵਾਰ ਨੂੰ ਵਿਰੋਧੀ ਧਿਰਾਂ ਦੇ ਹੰਗਾਮਾ ਨਾਲ ਸ਼ੁਰੂ ਹੋ ਗਿਆ।ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 1 ਮਾਰਚ ਤੋਂ 10 ਮਾਰਚ ਤੱਕ ਜਾਰੀ ਰਹੇਗਾ। 5 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ। ਸੈਸ਼ਨ ਦਾ ਦੂਜਾ ਦਿਨ ਵੀ ਹੰਗਾਮੇ ਭਰਪੂਰ ਰਿਹਾ ਸੀ।
