ਅਗਲੇ ਕੁਝ ਦਿਨਾਂ ਤੱਕ ਪੰਜਾਬ ’ਚ ਜਾਰੀ ਰਹੇਗਾ ਤੂਫ਼ਾਨ ਤੇ ਵਰਖਾ

ਪੰਜਾਬ ਵਿੱਚ ਇਕ ਵਾਰ ਫਿਰ ਮੌਸਮ ਬਦਲ ਗਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 11 ਮਈ ਨੂੰ ਤੂਫ਼ਾਨ ਤੇ ਮੀਂਹ ਦੇ ਮੱਦੇਨਜ਼ਰ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮਾਨਸਾ-ਸੰਗਰੂਰ ਵਿੱਚ ਓਰੇਂਜ਼ ਅਲਰਟ ਦਰਜ ਕੀਤਾ ਗਿਆ ਹੈ। ਅੱਜ ਯਾਨੀ ਸੋਮਵਾਰ ਦੇ ਦਿਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਵਰਖਾ ਹੋ ਰਹੀ ਹੈ।

ਇਸ ਦੇ ਨਾਲ ਹੀ ਅਸਮਾਨ ਵਿੱਚ ਸੰਘਣੇ ਬੱਦਲ਼ ਛਾਏ ਹੋਏ ਹਨ। ਬੁੱਧਵਾਰ ਤੱਕ ਪੰਜਾਬ ਵਿੱਚ ਕਿਤੇ-ਕਿਤੇ ਤੂਫ਼ਾਨ ਤੇ ਬੱਦਲਵਾਈ ਦੀ ਸੰਭਾਵਨਾ ਹੈ। ਪੰਜਾਬ ਦਾ ਮੌਸਮ ਇਹਨਾਂ ਦਿਨਾਂ ਵਿੱਚ ਚੱਕਰਵਾਤ ਦੇ ਪ੍ਰਭਾਵ ਹੇਠ ਹੈ। ਕਿਤੇ ਧੁੱਪ ਹੈ ਤੇ ਕਿਤੇ ਤੂਫ਼ਾਨ ਆ ਰਿਹਾ ਹੈ। ਐਤਵਾਰ ਨੂੰ ਕਈ ਸ਼ਹਿਰਾਂ ਵਿੱਚ ਤਾਪਮਾਨ ਫਿਰ 37 ਡਿਗਰੀ ਹੋ ਗਿਆ ਹੈ। ਉੱਥੇ ਹੀ ਬਠਿੰਡਾ ਵਿੱਚ ਤਾਪਮਾਨ 40.7 ਡਿਗਰੀ ਦਰਜ ਕੀਤਾ ਗਿਆ ਹੈ।
ਲੁਧਿਆਣਾ, ਨਵਾਂਸ਼ਹਿਰ, ਹੁਸ਼ਿਆਰਪੁਰ ਵਿੱਚ ਹਲਕਾ ਮੀਂਹ ਪਿਆ ਹੈ। ਪਟਿਆਲਾ, ਨਵਾਂ ਸ਼ਹਿਰ, ਜਲੰਧਰ ਵਿੱਚ ਕਈ ਥਾਵਾਂ ’ਤੇ ਵਰਖਾ ਹੋਈ ਹੈ। ਮੌਸਮ ਵਿਭਾਗ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਵਿੱਚ ਕਈ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਹੀ ਬਣਿਆ ਰਹੇਗਾ।
ਜੇ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ ਤਾਂ ਇੱਥੇ ਬੇਮੌਸਮੀ ਵਰਖਾ ਅਤੇ ਗੜੇਮਾਰੀ ਨੇ ਖੇਤੀਬਾੜੀ ਅਤੇ ਬਾਗਬਾਨੀ ਨੂੰ ਠੱਲ ਪਾਈ ਹੈ। ਐਤਵਾਰ ਨੂੰ ਤੂਫ਼ਾਨ ਅਤੇ ਬਰਫ਼ਬਾਰੀ ਹੋਈ ਹੈ। ਮੌਸਮ ਵਿੱਚ ਤਬਦੀਲੀ ਆਉਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਕੋਰੋਨਾ ਵਾਇਰਸ ਕਰ ਕੇ ਸੂਬੇ ਵਿੱਚ ਲਾਇਆ ਗਿਆ ਲਾਕਡਾਊਨ ਦੌਰਾਨ ਮੌਸਮ ਵਿੱਚ ਹੋਏ ਬਦਲਾਅ ਨੇ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਹੈ। ਇਸੇ ਤਰ੍ਹਾਂ 11 ਅਤੇ 12 ਮਈ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
