ਅਕਾਲੀ ਦਲ ਲਈ ਮਾੜੀ ਖ਼ਬਰ, ਲੱਗਿਆ ਵੱਡਾ ਝਟਕਾ

26 ਸਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸੇਵਾ ਨਿਭਾ ਚੁੱਕੇ ਸੀਨੀਅਰ ਨੇਤਾ ਅਮਰਜੀਤ ਸਿੰਘ ਬਰਮੀ ਨੇ ਅਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬਰਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਉਹਨਾਂ ਨੇ 26 ਸਾਲ ਪਾਰਟੀ ਦੀ ਜੀਅ-ਜਾਨ ਨਾਲ ਸੇਵਾ ਨਿਭਾਈ ਹੈ।

15 ਸਾਲ ਜਲੰਧਰ ਸ਼ਹਿਰੀ ਜੱਥੇ ਦੇ ਸੀਨੀਅਰ ਉੱਪ ਪ੍ਰਧਾਨ ਰਹੇ ਅਤੇ ਪਾਰਟੀ ਦੇ ਬੀਸੀ ਵਿੰਗ ਪੰਜਾਬ ਦੇ ਇਕ ਸਾਲ ਸੀਨੀਅਰ ਉਪ ਪ੍ਰਧਾਨ ਰਹੇ। ਪਿਛਲੇ ਸਾਲ ਉਨ੍ਹਾਂ ਨੂੰ ਪਾਰਟੀ ਨੇ ਸਲਾਹਕਾਰ ਦੇ ਤੌਰ ’ਤੇ ਜ਼ਿੰਮੇਵਾਰੀ ਸੌਂਪੀ ਸੀ। ਇਸ ਸਬੰਧੀ ਬਰਮੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ 71 ਸਾਲ ਦੀ ਉਮਰ ਹੋ ਚੁੱਕੀ ਹੈ ਅਤੇ ਆਪਰੇਸ਼ਨ ਹੋਣ ਕਾਰਣ ਸਿਹਤ ਵੀ ਹੁਣ ਠੀਕ ਨਹੀਂ ਰਹਿੰਦੀ, ਜਿਸ ਕਾਰਣ ਉਹ ਪਾਰਟੀ ਦੇ ਪ੍ਰੋਗਰਾਮਾਂ ’ਚ ਵਧ-ਚੜ੍ਹ ਕੇ ਹਿੱਸਾ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਹਾਲਾਤਾਂ ‘ਚ ਆਪਣੀ ਪਾਰਟੀ ਨੇਤਾਵਾਂ ਨੂੰ ਵੀ ਨਿਰਾਸ਼ ਨਹੀਂ ਕਰਨਾ ਚਾਹੁੰਦੇ।
ਉਹ ਇੰਨਾ ਜ਼ਰੂਰ ਕਹਿਣਗੇ ਕਿ ਪ੍ਰੋਗਰਾਮਾਂ ‘ਚ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸੇ ਦੇ ਨਾਲ ਅਮਰਜੀਤ ਸਿੰਘ ਬਰਮੀ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਕਾਰਣ ਰੋਜ਼ਾਨਾ ਜੋ ਕੁਝ ਵੀ ਹੋ ਰਿਹਾ ਹੈ, ਉਸ ਨਾਲ ਵੀ ਉਨ੍ਹਾਂ ਦੇ ਮਨ ਨੂੰ ਬਹੁਤ ਦੁੱਖ ਪਹੁੰਚਦਾ ਹੈ।
