ਅਕਾਲੀ ਦਲ ਨੂੰ ਵੱਡਾ ਝਟਕਾ, ਸੀਨੀਅਰ ਅਕਾਲੀ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ

ਲੁਧਿਆਣਾ ਤੋਂ ਸੀਨੀਅਰ ਅਕਾਲੀ ਆਗੂ ਮਦਨ ਲਾਲ ਬੱਗਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੱਗਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਚੋਣਾਂ ਲੜ ਚੁੱਕੇ ਹਨ। ਉਸ ਤੋਂ ਬਾਅਦ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਹੋਈ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਲੁਧਿਆਣ ਵਿੱਚ ਇਕ ਸਮਾਰੋਹ ਵਿੱਚ ਮਦਨ ਲਾਲ ਬੱਗਾ ‘ਆਪ’ ਵਿੱਚ ਸ਼ਾਮਲ ਹੋਣਗੇ। ਬੱਗਾ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਕਮੇਟੀ ਦੇ ਅਧਿਕਾਰੀ ਆਉਣਗੇ। ਇਸ ਤੋਂ ਪਹਿਲਾਂ ਦਲਜੀਤ ਸਿੰਘ ਭੋਲਾ ਗਰੇਵਾਲ ਕਾਂਗਰਸ ਨੂੰ ਅਲਵਿਦਾ ਕਹਿ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ।
ਚੰਡੀਗੜ੍ਹ ਵਿੱਚ ‘ਆਪ’ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਭੋਲਾ ਦਾ ਪਾਰਟੀ ਵਿੱਚ ਸਵਾਗਤ ਕੀਤਾ ਸੀ। ਮਦਨ ਲਾਲ ਬੱਗਾ ਨੂੰ ਇੱਕ ਸਮੇਂ ਅਕਾਲੀ ਦਲ ਵਿੱਚ ਪੂਰਾ ਆਦਰ ਮਿਲਿਆ ਸੀ। ਸੁਖਬੀਰ ਬਾਦਲ ਨੇ ਉਹਨਾਂ ਨੂੰ ਰਾਜ ਮੰਤਰੀ ਦੇ ਬਰਾਬਰ ਟ੍ਰੇਡਰਸ ਬੋਰਡ ਦਾ ਚੇਅਰਮੈਨ ਬਣਾਇਆ ਸੀ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੱਗਾ ਦੀ ਲੁਧਿਆਣਾ ਉੱਤਰ ਤੋਂ ਟਿੱਕਟ ਦੀ ਦਾਅਵੇਦਾਰੀ ਸੀ ਪਰ ਅਕਾਲੀ-ਭਾਜਪਾ ਗਠਜੋੜ ਕਾਰਨ ਇਹ ਸੀਟ ਭਾਜਪਾ ਦੇ ਖਾਤੇ ਵਿੱਚ ਚਲੀ ਗਈ। ਇਸੇ ਕਾਰਨ ਬੱਗਾ ਨੇ ਪਾਰਟੀ ਛੱਡ ਕੇ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਚੋਣਾਂ ਲੜੀਆਂ ਸਨ।
