ਅਕਾਲੀ ਦਲ ਦੀ ਸਰਕਾਰ ਆਉਣ ’ਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ: ਸ. ਪ੍ਰਕਾਸ਼ ਸਿੰਘ ਬਾਦਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੰਬੀ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵੀ ਖੂਬ ਨਿਸ਼ਾਨੇ ਲਾਏ। ਉਹਨਾਂ ਕਿਹਾ ਕਿ, “ਵੱਡੇ ਲੋਕਾਂ ਨੂੰ ਮੂੰਹ ਵਿਚੋਂ ਗੱਲ ਸਹੀ ਕੱਢਣੀ ਚਾਹੀਦੀ ਹੈ। ਅਸੀਂ ਤਾਂ ਆਪਣੇ ਅਸੂਲਾਂ ਲਈ ਭਾਜਪਾ ਨੂੰ ਛੱਡਿਆ ਸੀ ਜਿਸ ਨੇ ਕਿਸਾਨਾਂ ਖਿਲਾਫ਼ ਕਾਨੂੰਨ ਬਣਾਏ ਸੀ।

ਇਸ ਮੌਕੇ ਪਿੰਡ ਗੱਗੜ ਵਿੱਚ ਬਾਦਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਦੇਸ਼ ਦੇ ਪੀਐਮ ਮੋਦੀ ਕਹਿ ਰਹੇ ਹਨ ਕਿ ਸੂਬੇ ਵਿੱਚ ਅਕਾਲੀ ਦਲ ਨੇ ਭਾਜਪਾ ਨੂੰ ਥੱਲੇ ਲਾ ਕੇ ਰੱਖਿਆ ਹੈ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ, “ਇਹਨਾਂ ਵੱਡੇ ਲੋਕਾਂ ਨੂੰ ਮੂੰਹ ਵਿੱਚੋਂ ਗੱਲ ਸੋਚ ਕੇ ਕਹਿਣੀ ਚਾਹੀਦੀ ਹੈ। ਅਸੀਂ ਭਾਜਪਾ ਨੂੰ ਆਪਣੇ ਅਸੂਲਾਂ ਦੀ ਖਾਤਰ ਛੱਡਿਆ ਸੀ ਕਿਉਂ ਕਿ ਇਹਨਾਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਬਣਾਏ ਸੀ।” ਉਹਨਾਂ ਕਿਹਾ ਕਿ, “ਮੇਰਾ ਚੋਣਾਂ ਲੜਨ ਦਾ ਕੋਈ ਮਨ ਨਹੀਂ ਸੀ ਪਰ 2 ਗੱਲਾਂ ਨੇ ਮੈਨੂੰ ਚੋਣ ਲੜਨ ਲਈ ਮਜ਼ਬੂਰ ਕਰ ਦਿੱਤਾ।
ਪਾਰਟੀ ਦੀ ਕੋਰ ਕਮੇਟੀ ਨੇ ਮੈਨੂੰ ਹੁਕਮ ਦਿੱਤਾ ਕਿ ਤੁਸੀਂ ਚੋਣਾਂ ਲੜਨੀਆਂ ਹਨ।” ਸ. ਬਾਦਲ ਨੇ ਕਿਹਾ ਕਿ, “ਮੈਂ ਪਾਰਟੀ ਦੇ ਹਰ ਹੁਕਮ ਨੂੰ ਮੰਨਿਆ ਹੈ ਅਤੇ ਜਿਹੜਾ ਫ਼ੈਸਲਾ ਪਾਰਟੀ ਨੇ ਲਿਆ, ਉਸ ਨੂੰ ਹਮੇਸ਼ਾ ਸਿਰ-ਮੱਥੇ ਲਿਆ ਹੈ।” ਉਹਨਾਂ ਕਿਹਾ ਕਿ, “ਚੋਣਾਂ ਲੜਨ ਦਾ ਦੂਜਾ ਕਾਰਨ ਇਹ ਸੀ ਕਿ ਇਸ ਇਲਾਕੇ ਦੇ ਲੋਕਾਂ ਨੇ 50-60 ਸਾਲ ਮੇਰਾ ਸਾਥ ਦਿੱਤਾ ਅਤੇ ਮੈਨੂੰ ਸਧਾਰਨ ਕਿਸਾਨੀ ਤੋਂ ਚੁੱਕ ਕੇ 5 ਵਾਰ ਮੁੱਖ ਮੰਤਰੀ ਅਤੇ ਕੇਂਦਰ ਦਾ ਮੰਤਰੀ ਬਣਾਇਆ।”
ਸ. ਬਾਦਲ ਨੇ ਕਿਹਾ ਕਿ, “ਮੇਰੀ ਇੱਛਾ ਹੈ ਕਿ ਮੇਰਾ ਆਖਰੀ ਸਾਹ ਇਸ ਇਲਾਕੇ ਦੀ ਸੇਵਾ ਵਿੱਚ ਨਿਕਲੇ।” ਉਹਨਾਂ ਕਿਹਾ ਕਿ, “ਜੇ ਮੈਂ ਅਜਿਹਾ ਨਹੀਂ ਕਰਦਾ ਤਾਂ ਲੋਕਾਂ ਨੂੰ ਮੇਰੇ ਨਾਲ ਗਿਲ੍ਹਾ ਹੋਣਾ ਸੀ।” ਸ. ਬਾਦਲ ਨੇ ਕਿਹਾ ਕਿ, “ਮੈਂ ਕੋਸ਼ਿਸ਼ ਕੀਤੀ ਕਿ ਸਾਰੇ ਪਿੰਡਾਂ ਵਿੱਚ ਆਪ ਜਾ ਕੇ ਲੋਕਾਂ ਵਿੱਚ ਹਾਜ਼ਰੀ ਭਰਾਂ ਪਰ ਬਿਮਾਰੀ ਕਾਰਨ ਕੁੱਝ ਪਿੰਡ ਰਹਿ ਗਏ।”
ਬਾਦਲ ਨੇ ਕਿਹਾ ਕਿ, “ਵੋਟਾਂ ਤੋਂ ਬਾਅਦ ਸੂਬੇ ਵਿੱਚ ਨਵੀਂ ਸਰਕਾਰ ਬਣਨੀ ਹੈ ਤੇ ਉਸ ਸਰਕਾਰ ਨੇ 5 ਸਾਲ ਲੋਕਾਂ ਦੀ ਸੇਵਾ ਕਰਨੀ ਹੈ। ਇਸ ਲਈ ਸਰਕਾਰ ਬਣਾਉਣ ਦਾ ਫ਼ੈਸਲਾ ਬਹੁਤ ਅਹਿਮ ਹੈ।” ਉਨ੍ਹਾਂ ਕਿਹਾ ਕਿ, “ਝੂਠੇ ਵਾਅਦੇ ਅਤੇ ਝੂਠੀਆਂ ਗੱਲਾਂ ਕਰਕੇ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਾ ਲਈ ਪਰ ਜਨਤਾ ਲਈ ਕੁੱਝ ਨਹੀਂ ਕੀਤਾ।”
ਉਨ੍ਹਾਂ ਕਿਹਾ ਕਿ, “ਪੰਜਾਬ ‘ਚ ਆਟਾ-ਦਾਲ ਸਕੀਮ ਅਕਾਲੀ ਦਲ ਦੇ ਸਮੇਂ ਹੀ ਸ਼ੁਰੂ ਹੋਈ ਸੀ।” ਸ. ਬਾਦਲ ਨੇ ਕਿਹਾ ਕਿ, “ਬਾਕੀ ਪਾਰਟੀਆਂ ਨੇ ਹਮੇਸ਼ਾ ਸੂਬੇ ਨਾਲ ਵਿਤਕਰਾ ਕੀਤਾ ਹੈ ਪਰ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ।”
ਉਨ੍ਹਾਂ ਕਿਹਾ ਕਿ, “ਇਸ ਸਮੇਂ ਪੰਜਾਬ ‘ਚ ਦਲ-ਬਦਲੀ ਦਾ ਬੜਾ ਜ਼ੋਰ ਹੈ ਪਰ ਜਿਹੜੇ ਉਮੀਦਵਾਰ ਵਾਰ-ਵਾਰ ਪਾਰਟੀ ਬਦਲ ਰਹੇ ਹਨ, ਉਨ੍ਹਾਂ ਦਾ ਕੀ ਭਰੋਸਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਂ ਪਾਰਟੀ ਨੂੰ ਕੋਈ ਬਦਲ ਨਹੀਂ ਸਕਦਾ।” ਉਹਨਾਂ ਕਿਹਾ ਕਿ, “ਅਕਾਲੀ ਦਲ ਦੀ ਸਰਕਾਰ ਆਉਣ ਤੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।”
