ਅਕਾਲੀ ਅਤੇ ਭਾਜਪਾ ਦੋਵੇਂ ਡੇਰਾ ਸੱਚਾ ਸੌਦਾ ਦਾ ਸਮਰਥਨ ਲੈ ਰਹੇ ਹਨ: ਸੀਐਮ ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨੂੰ ਬਿਆਨ ਦਿੰਦਿਆਂ ਕਿਹਾ ਕਿ, “ਹਰ ਕੋਈ ਕਹਿ ਰਿਹਾ ਹੈ ਕਿ ਕਾਂਗਰਸ ਪਾਰਟੀ ਜਿੱਤ ਰਹੀ ਹੈ। ਪੰਜਾਬ ਵਿੱਚ ਇੱਕ ਤਰਫ਼ਾ ਵੋਟ ਪੈ ਰਹੀ ਹੈ ਅਤੇ ਪਾਰਟੀ ਵੱਡੇ ਮਾਰਜਨ ਨਾਲ ਜਿੱਤੇਗੀ।

ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਬਾਰੇ ਬਿਆਨ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ, “ਅਕਾਲੀ ਦਲ ਅਤੇ ਭਾਜਪਾ ਵਾਲੇ ਡੇਰਾਵਾਦ ਨੂੰ ਬੜਾਵਾ ਦੇ ਰਹੇ ਹਨ।” ਮੁੱਖ ਮੰਤਰੀ ਚੰਨੀ ਨੇ ਕਿਹਾ ਕਿ, “ਅਕਾਲੀ ਅਤੇ ਭਾਜਪਾ ਦੀ ਭਾਈਵਾਲੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ ਅਤੇ ਦੋਵੇਂ ਡੇਰਾ ਸੱਚਾ ਸੌਦਾ ਦਾ ਸਮਰਥਨ ਲੈ ਰਹੇ ਹਨ।”

ਮੁੱਖ ਮੰਤਰੀ ਨੇ ਕਿਹਾ ਕਿ, “ਪੰਜਾਬ ਦੇ ਲੋਕ ਇਹਨਾਂ ਦੇ ਖਿਲਾਫ਼ ਡਟ ਕੇ ਖੜ੍ਹੇ ਹਨ।” ਉਹਨਾਂ ਤੰਜ ਕੱਸਿਆ ਕਿ ਬਾਰਾਤ ਜਿੰਨੀ ਮਰਜ਼ੀ ਵੱਡੀ ਹੋਵੇ, ਪਿੰਡ ਤੋਂ ਘੱਟ ਹੀ ਹੁੰਦੀ ਹੈ। ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਨੂੰ ਡੇਰਾ ਸੱਚਾ ਸੌਦਾ ਦੀਆਂ ਵੋਟਾਂ ਪੈ ਰਹੀਆਂ ਹਨ। ਸੀਐਮ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਧੂਰੀ ਵਿੱਚ ਡੇਰੇ ਦਾ ਸਮਰਥਨ ਮੰਗਿਆ ਹੈ।
ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਦੀ ਇਹ ਸਾਰੀ ਨਿਰਾਸ਼ਾ ਅਤੇ ਰਿਪੋਰਟਾਂ ਦੱਸਦੀਆਂ ਹਨ ਕਿ ਕਾਂਗਰਸ ਬਹੁਮਤ ਨਾਲ ਪੰਜਾਬ ਵਿੱਚ ਸਰਕਾਰ ਬਣਾ ਰਹੀ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਵੀ ਨਵਜੋਤ ਸਿੰਘ ਸਿੱਧੂ ਵੱਡੇ ਮਾਰਜਨ ਨਾਲ ਜਿੱਤ ਰਹੇ ਹਨ। ਉਹਨਾਂ ਕਿਹਾ ਕਿ ਅਮੀਰ ਅਤੇ ਰਜਵਾੜਿਆਂ ਦੇ ਹੱਥੋਂ ਸੱਤਾ ਨਿਕਲ ਕੇ ਗਰੀਬਾਂ ਦੇ ਹੱਥਾਂ ਵਿੱਚ ਆ ਰਹੀ ਹੈ।
