26 ਜੂਨ ਨੂੰ ਚੰਡੀਗੜ੍ਹ ਜਾਣਗੇ ਕਿਸਾਨ, ਖਿੱਚੀ ਤਿਆਰੀ

ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਜੂਨ ਨੂੰ ਦੇਸ਼ਭਰ ਵਿੱਚ ਖੇਤੀ ਬਚਾਉ-ਲੋਕਤੰਤਰ ਬਚਾਉ ਦਿਵਸ ਮਨਾਉਂਦਿਆਂ ਰਾਜ-ਭਵਨਾਂ ਅੱਗੇ ਪ੍ਰਦਰਸ਼ਨ ਕਰਦਿਆਂ ਗਵਰਨਰਾਂ ਰਾਹੀਂ ਰਾਸ਼ਟਰਪਤੀ ਨੂੰ ਰੋਸ-ਪੱਤਰ ਭੇਜੇ ਜਾਣਗੇ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਉਹਨਾਂ ਦੀ ਜੱਥੇਬੰਦੀ ਦੇ ਕਾਫ਼ਲੇ ਹਜ਼ਾਰਾਂ ਦੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚਣਗੇ।

ਇਸ ਸਬੰਧੀ ਤਿਆਰੀਆਂ ਲਈ ਪਿੰਡਾਂ ਵਿੱਚ ਬੈਠਕਾਂ ਜਾਰੀ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 26 ਜੂਨ ਨੂੰ 11 ਵਜੇ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਪੰਜਾਬ ਦੀਆਂ ਸਾਰੀਆਂ 32 ਕਿਸਾਨ ਅਤੇ ਜੱਥੇਬੰਦੀਆਂ ਦੇ ਲੀਡਰ ਪਹੁੰਚਣਗੇ ਅਤੇ ਗਵਰਨਰ ਹਾਊਸ ਨੂੰ ਰੋਸ-ਮਾਰਚ ਕੱਢਿਆ ਜਾਵੇਗਾ ਅਤੇ ਗਵਰਨਰ ਨੂੰ ਰੋਸ ਪੱਤਰ ਦਿੱਤਾ ਜਾਵੇਗਾ।
ਇਹ ਰੋਸ ਮਾਰਚ ਗੁਰਦੁਆਰਾ ਅੰਬ ਸਾਹਿਬ ਤੋਂ ਅਪਣੇ-ਅਪਣੇ ਸਾਧਨਾਂ ਰਾਹੀਂ ਗਵਰਨਰ ਹਾਊਸ ਨੂੰ ਕੂਚ ਕਰੇਗਾ। ਉੱਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨਰਿੰਦਰ ਤੋਮਰ ਦੇ ਸ਼ਰਤਾਂ ਸਮੇਤ ਦਿੱਤੇ ਗੱਲਬਾਤ ਦੇ ਸੱਦੇ ਦਾ ਕੋਈ ਫ਼ਾਇਦਾ ਨਹੀਂ ਕਿਉਂ ਕਿ ਕਿਸਾਨ ਜੱਥੇਬੰਦੀਆਂ ਪਹਿਲਾਂ ਵੀ ਸਾਫ਼ ਕਰ ਚੁੱਕੀਆਂ ਹਨ ਤੇ ਹੁਣ ਵੀ ਕਹਿੰਦੀਆਂ ਹਨ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣ।
