ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ, ਕਾਤਲ ਤਾਂ ਫੜ੍ਹੇ ਗਏ ਪਰ ਸਾਜ਼ਿਸ਼ਘਾੜੇ ਕਦੋਂ ਆਉਣਗੇ ਹੱਥ?

ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਤੋਂ ਆਪਣੇ ਪਿੰਡ ਵਾਪਸ ਆ ਗਏ ਹਨ। ਅੱਜ ਵੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਰ ਐਤਵਾਰ ਨੂੰ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਲਗਾਤਾਰ ਪਿੰਡ ਮੂਸੇ ਪਹੁੰਚੇ ਹਨ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਸਮਰਥਨ ਕਰਦੇ ਰਹਿਣਗੇ ਪਰ ਉਹ ਲਗਾਤਾਰ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰ ਹੁਣ ਤੱਕ ਉਸ ਨੂੰ ਜਾਂਚ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
ਉਹਨਾਂ ਅੱਗੇ ਕਿਹਾ ਕਿ ਉਹ ਜਾਣਨਾ ਚਾਹੁੰਦਾ ਹੈ ਕਿ ਉਸ ਦੇ ਪੁੱਤਰ ਦੀ ਮੌਤ ਪਿੱਛੇ ਕਿਹੜੀ ਤਾਕਤ ਸੀ। ਬੇਸ਼ੱਕ ਗੋਲ਼ੀ ਮਾਰਨ ਵਾਲੇ ਫੜ੍ਹੇ ਗਏ ਹਨ ਪਰ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਪੁੱਤਰ ਨੂੰ ਜੋ ਨਹੀਂ ਚਾਹੁੰਦੇ ਸੀ ਉਹ ਸਾਹਮਣੇ ਆਉਣ, ਇਸ ਦੇ ਪਿੱਛੇ ਮਿਊਜ਼ਿਕ ਇੰਡਸਟਰੀ ਤੇ ਰਾਜਨੀਤਿਕ ਲੋਕ ਵੀ ਹੋ ਸਕਦੇ ਹਨ, ਜਿਹਨਾਂ ਨੇ ਉਸ ਦੇ ਪੁੱਤਰ ਨੂੰ ਪਾਸੇ ਕਰਕੇ ਆਪਣਾ ਧੰਦਾ ਚਲਾਇਆ।
ਉਹਨਾਂ ਕਿਹਾ ਕਿ ਉਹਨਾਂ ਦਾ ਪੁੱਤ 150 ਦੇਸ਼ਾਂ ਦਾ ਪੁੱਤ ਬਣ ਚੁੱਕਿਆ ਸੀ। ਇੰਗਲੈਂਡ ਵਿੱਚ ਪੁਲਿਸ ਨੇ ਉਹਨਾਂ ਦੀ ਪੂਰੀ ਸੁਰੱਖਿਆ ਕੀਤੀ ਤੇ ਜੇ ਕੋਈ ਦਰਵਾਜ਼ੇ ਤੇ ਆਉਂਦਾ ਸੀ ਤਾਂ ਤਿੰਨ ਮਿੰਟਾਂ ਦੇ ਅੰਦਰ ਹੀ ਪੁਲਿਸ ਪਹੁੰਚ ਜਾਂਦੀ ਸੀ।
ਇਸ ਤੋਂ ਇਲਾਵਾ ਉਹਨਾਂ ਆਪਣੇ ਪੁੱਤ ਦੀ ਤਾਰੀਫ਼ ਕਰਦਿਆਂ ਕਿਹਾ ਕਿ, ਉਹਨਾਂ ਦੇ ਪੁੱਤ ਨੇ ਵਿਦੇਸ਼ਾਂ ਵਿੱਚ ਪੱਗ ਤੇ ਪੰਜਾਬੀ ਨੂੰ ਘਰ-ਘਰ ਤੱਕ ਪਹੁੰਚਾਇਆ ਹੈ, ਇੰਗਲੈਂਡ ਵਿੱਚ ਬਹੁਤ ਸਾਰੇ ਲੋਕ ਮਿਲੇ ਜਿਹਨਾਂ ਦੀ ਤੀਜੀ ਪੀੜੀ ਸਿੱਧੂ ਦੀ ਬਦੌਲਤ ਹੀ ਪੰਜਾਬੀ ਬੋਲ ਰਹੀ ਹੈ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਮਾਨਸਾ ਦੇ ਐਸਐਸਪੀ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ।