News

ਸਿਆਸਤ ’ਚ ਵੱਡਾ ਨਾਮ ਕਮਾਉਣ ਵਾਲੇ ਸੇਵਾ ਸਿੰਘ ਸੇਖਵਾਂ ਦੇ ਜੀਵਨ ’ਤੇ ਇੱਕ ਝਾਤ

ਪੰਜਾਬ ਸਰਕਾਰ ਵਿੱਚ ਸਾਬਕਾ ਮੰਤਰੀ ਰਹੇ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਬੁਧਵਾਰ ਦੇਰ ਸ਼ਾਮ ਦੇਹਾਂਤ ਹੋ ਗਿਆ। ਜੱਥੇਦਾਰ ਸੇਵਾ ਸਿੰਘ ਸੇਖਵਾਂ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਸਨ। ਸੇਵਾ ਸਿੰਘ ਸੇਖਵਾਂ ਦੇ ਦਿਹਾਂਤ ਬਾਰੇ ਜਣਕਾਰੀ ਮਿਲਦੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਵਿਖੇ ਅਤੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ।

Sewa Singh Sekhwan - Alchetron, The Free Social Encyclopedia

ਸਵਰਗਵਾਸੀ ਸੇਵਾ ਸਿੰਘ ਸੇਖਵਾਂ ਦੇ ਪਿੰਡ ਦੀ ਰਿਹਾਇਸ਼ ਵਿਖੇ ਸੇਖਵਾਂ ਨੂੰ ਚਾਹੁਣ ਵਾਲੇ ਦੁਖ ਜ਼ਹਿਰ ਕਰਨ ਲਗਾਤਾਰ ਪਹੁੰਚਦੇ ਨਜ਼ਰ ਆ ਰਹੇ ਸਨ। ਸੇਵਾ ਸਿੰਘ ਸੇਖਵਾਂ ਦੇ ਸਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਜੱਥੇਦਾਰ ਸੇਵਾ ਸਿੰਘ ਸੇਖਵਾਂ ਦੇ ਜੀਵਨ ਤੇ ਝਾਤ ਪਾਉਂਦੇ ਹੋਏ ਦੱਸਿਆ ਕਿ ਪੰਜਾਬ ਦੇ ਮਾਝਾ ਇਲਾਕੇ ‘ਚ ਸੇਵਾ ਸਿੰਘ ਸੇਖਵਾਂ ਇੱਕ ਵੱਡਾ ਸਿਆਸੀ ਨਾਮ ਰਿਹਾ ਹੈ।

ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਿਤ ਸੇਖਵਾਂ ਪਿਛਲੇ ਕਾਫ਼ੀ ਸਮੇਂ ਤੋਂ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਫਿਰ ਅਕਾਲੀ ਦਲ ਸੰਯੁਕਤ ਵਿਚ ਸ਼ਾਮਲ ਹੋਏ ਸਨ। ਸੇਖਵਾਂ ਦੇ ਪਿਤਾ ਉਜਾਗਰ ਸਿੰਘ ਸੇਖਵਾਂ ਪੁਰਾਣੇ ਟਕਸਾਲੀ ਆਗੂ ਸਨ। 1977 ਅਤੇ 1980 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਵਿਧਾਨ ਸਭਾ ਹਲਕੇ ਵਿੱਚੋਂ ਦੋ ਵਾਰ ਵਿਧਾਇਕ ਦੇ ਤੌਰ ਉੱਤੇ ਵਿਧਾਨ ਸਭਾ ਵਿਚ ਨੁਮਾਇੰਦਗੀ ਕਰ ਚੁੱਕੇ ਹਨ।

ਇਸ ਤੋਂ ਇਲਾਵਾ ਐਮਰਜੈਂਸੀ ਸਮੇਂ ਕੁਝ ਸਮੇਂ ਲਈ ਜੱਥੇਦਾਰ ਉਜਾਗਰ ਸਿੰਘ ਸੇਖਵਾਂ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਹਨ। ਅਧਿਆਪਕ ਰਹਿ ਚੁੱਕੇ ਸੇਵਾ ਸਿੰਘ ਸੇਖਵਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 1990 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉੱਤੇ ਰਾਜਨੀਤੀ ਵਿਚ ਐਂਟਰੀ ਕੀਤੀ। ਸੇਖਵਾਂ ਪਹਿਲੀ ਵਾਰ 1997 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਾਹਨੂੰਵਾਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ।

ਸੇਵਾ ਸਿੰਘ, ਬਾਦਲ ਸਰਕਾਰ ਸਮੇਂ (1997 ਤੋਂ 2002 ਅਤੇ 2009 ਤੋਂ 2012) ਕੈਬਨਿਟ ਮੰਤਰੀ ਦੇ ਅਹੁਦੇ ਉੱਤੇ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਦੇ ਉਪ ਪ੍ਰਧਾਨ, ਕੋਰ ਕਮੇਟੀ ਦੇ ਮੈਂਬਰ ਅਤੇ ਰਾਜਨੀਤਿਕ ਮਾਮਲਿਆਂ ਬਾਰੇ ਬਣੀ ਕਮੇਟੀ ਵਿਚ ਰਹਿ ਚੁੱਕੇ ਹਨ। ਮੌਜੂਦਾ ਸਮੇਂ ਵਿਚ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ।

ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਹਾਰ ਮਿਲਣ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਉਨ੍ਹਾਂ ਆਗੂਆਂ ਵਿੱਚ ਸ਼ਾਮਲ ਹੋ ਗਏ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮ ਕਰਨ ਦੇ ਤਰੀਕੇ ਉੱਤੇ ਸਵਾਲ ਚੁੱਕ ਰਹੇ ਸਨ। ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਆਧਾਰ ਉੱਤੇ ਅਕਾਲੀ ਦਲ ਨੇ ਸੇਖਵਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ।

ਇਸ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਛੱਡ ਕੇ ਸਾਬਕਾ ਐਮ ਪੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਐਮ ਪੀ ਡਾਕਟਰ ਰਤਨ ਸਿੰਘ ਅਜਨਾਲਾ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ 2018 ਵਿੱਚ ਕੀਤਾ ਸੀ। ਇਸ ਤੋਂ ਬਾਅਦ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਗਠਨ ਹੋਇਆ ਤਾਂ ਸੇਖਵਾਂ ਪਹਿਲੇ ਆਗੂ ਸਨ ਜਿਨ੍ਹਾਂ ਨੇ ਢੀਂਡਸਾ ਦਾ ਸਾਥ ਦਿੱਤਾ ਸੀ।

ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਇੱਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਰੂਪ ਲੈ ਚੁੱਕਾ ਹੈ। ਦੱਸ ਦਈਏ ਕਿ ਕਰੀਬ ਇਕ ਮਹੀਨਾ ਪਹਿਲਾਂ ਜੱਥੇਦਾਰ ਸੇਵਾ ਸਿੰਘ ਸੇਖਵਾਂ ਪਰਿਵਾਰ ਸਮੇਤ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਵਿਚ ਚਲੇ ਗਏ ਸਨ।

Click to comment

Leave a Reply

Your email address will not be published.

Most Popular

To Top