ਸ਼ਰਾਬ ਫੈਕਟਰੀ ਅੱਗੇ ਕਿਸਾਨਾਂ ਦੇ ਧਰਨੇ ਵਿਚ ਡਿਊਟੀ ਦੇ ਰਹੇ ਕਾਂਸਟੇਬਲ ਨਾਲ ਵਾਪਰਿਆ ਭਾਣਾ

ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਮਸਲੇ ਤੇ ਧਰਨਾ ਜਾਰੀ ਹੈ। ਧਰਨੇ ਵਿੱਚ ਡਿਊਟੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮੁਲਾਜ਼ਮ ਡਿਊਟੀ ਤੇ ਤਾਇਨਾਤ ਸੀ, ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ। ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਹਰਤੇਕ ਸਿੰਘ ਫਿਰੋਜ਼ਪੁਰ ਦੇ ਜ਼ੀਰਾ ਵਿਖੇ ਸ਼ਰਾਬ ਫੈਕਟਰੀ ਦੇ ਸਾਹਮਣੇ ਕਿਸਾਨਾਂ ਦੇ ਧਰਨੇ ਦੌਰਾਨ ਡਿਊਟੀ ਤੇ ਸੀ।
ਦੱਸ ਦਈਏ ਕਿ ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਜ਼ ਸ਼ਰਾਬ ਫ਼ੈਕਟਰੀ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੇ ਮੁਜ਼ਾਹਰਾਕਾਰੀ ਕਿਸਾਨਾਂ ਖਿਲਾਫ਼ ਸਖ਼ਤੀ ਵਰਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 20 ਦਸੰਬਰ ਨੂੰ ਹੋਣ ਵਾਲੀ ਪੇਸ਼ੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਫ਼ੇਲ੍ਹ ਹੋਣ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਇਹ ਕੇਸ ਸ਼ਨੀਵਾਰ ਦੇਰ ਸ਼ਾਮ ਥਾਣਾ ਸਦਰ ਜ਼ੀਰਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੀਤਾ ਗਿਆ। ਉਨ੍ਹਾਂ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਦੇਰ ਸ਼ਾਮ ਮਾਲਬਰੋਜ਼ ਫ਼ੈਕਟਰੀ ਦੇ ਬਾਹਰ ਲੱਗੇ ਧਰਨੇ ਨੂੰ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਤਿੰਨ ਸੌ ਮੀਟਰ ਪਿਛਾਂਹ ਕਰਵਾਉਣ ਵਾਸਤੇ ਆਪਣੀ ਟੀਮ ਨਾਲ ਜਾ ਰਹੇ ਸਨ ਪਰ ਧਰਨੇ ਤੋਂ ਕੁਝ ਮੀਟਰ ਦੀ ਦੂਰੀ ’ਤੇ 100 ਤੋਂ ਵੱਧ ਹਥਿਆਰਬੰਦ ਧਰਨਾਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ ਜਬਰੀ ਰੋਕ ਦਿੱਤੀਆਂ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ।