‘ਵੀਰ ਬਾਲ ਦਿਵਸ’ ਦੇ ਵਿਰੋਧ ’ਤੇ ਬੋਲੇ ਸਿਰਸਾ, ਸ਼੍ਰੋਮਣੀ ਕਮੇਟੀ ਨੂੰ ਦਿੱਤਾ ਤਿੱਖਾ ਜਵਾਬ

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੇਂਦਰ ਸਰਕਾਰ ਵਿਚਾਲੇ ਤਲਖ਼ੀ ਵਧੀ ਹੋਈ ਹੈ। ਸ਼੍ਰੋਮਣੀ ਕਮੇਟੀ ਦੀ ਅਪੀਲ ਰੱਦ ਕਰਦਿਆਂ ਕੇਂਦਰ ਸਰਕਾਰ ਨੇ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਸਬੰਧੀ ਦਿਵਸ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਹੀ ਮਨਾਇਆ ਹੈ।
ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਕਮੇਟੀ ਨੂੰ ਤਿੱਖਾ ਜਵਾਬ ਦਿੱਤਾ ਹੈ। ਉਹਨਾਂ ਨੇ ਇਸ ਵਿਵਾਦ ਦੇ ਨਾਮ ਸਬੰਧੀ ਕੀਤੇ ਜਾ ਰਹੇ ਇਤਰਾਜ਼ ਨੂੰ ਬੇਬੁਨਿਆਦ ਤੇ ਬੇਲੋੜਾ ਕਰਾਰ ਦਿੰਦਿਆਂ ਕਿਹਾ ਕਿ ਸਿਰਫ਼ ਸਿਆਸੀ ਮੰਤਵ ਨਾਲ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਸਿਰਫ਼ ਇੱਕ ਦਿਵਸ ਦਾ ਨਾਮ ਹੈ ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਉਹਨਾਂ ਦੀ ਸ਼ਹਾਦਤ ਨੂੰ ਛੁਟਿਆਉਣ ਦਾ ਕੋਈ ਯਤਨ ਨਹੀਂ ਕੀਤਾ ਗਿਆ ਹੈ। ਉਹ ਕੌਮ ਲਈ ਬਾਬੇ ਹਨ ਤੇ ਉਹਨਾਂ ਦਾ ਦਰਜਾ ਬਾਬੇ ਵਾਲਾ ਹੀ ਰਹੇਗਾ। ਉਹਨਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਗਿਆ ਹੈ।
ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੰਡੀਆ ਗੇਟ ਤੇ ਗਣਤੰਤਰ ਦਿਵਸ ਤੋਂ ਇਲਾਵਾ ਕੋਈ ਮਾਰਚ ਪਾਸਟ ਕੀਤਾ ਗਿਆ ਹੈ ਤੇ ਪ੍ਰਧਾਨ ਮੰਤਰੀ ਨੇ ਉਸ ਨੂੰ ਸਲਾਮੀ ਦਿੱਤੀ ਹੈ। ਉਹਨਾਂ ਕਿਹਾ ਕਿ, ਇਹ ਵਿਰੋਧ ਅਤੇ ਇਤਰਾਜ਼ ਸਿਰਫ਼ ਇਸ ਲਈ ਹੈ ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਨਹੀਂ ਹੈ। ਉਹਨਾਂ ਦਾਅਵਾ ਕੀਤਾ ਕਿ ਸਾਬਕਾ ਜਥੇਦਾਰ ਵੀ ਵੀਰ ਬਾਲ ਦਿਵਸ ਨਾਮ ਦੀ ਸ਼ਲਾਘਾ ਕਰ ਚੁੱਕੇ ਹਨ।