ਡੇਰਾ ਪ੍ਰੇਮੀ ਮਾਮਲੇ ‘ਚ ਸ਼ੂਟਰ ਰਾਜਨ ਹੁੱਡਾ ਨੂੰ ਅਦਾਲਤ ਨੇ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਦੇ ਮਾਮਲੇ ‘ਚ ਸ਼ਾਮਿਲ ਸਾਰੇ ਸ਼ੂਟਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪਿਛਲੇ ਦਿਨੀ ਇਸ ਘਟਨਾ ‘ਚ ਸ਼ਾਮਿਲ ਸ਼ੂਟਰ ਰਮਜ਼ਾਂਨ ਖ਼ਾਨ ਉਰਫ ਰਾਜਨ ਹੁੱਡਾ ਜਿਹੜਾ ਕਿ ਫ਼ਰਾਰ ਚੱਲ ਰਿਹਾ ਸੀ, ਉਸ ਨੂੰ ਰਾਜਸਥਾਨ ਦੇ ਜੈਪੁਰ ਤੋਂ ਪੁਲਿਸ ਮੁਕਾਬਲੇ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਮੁਕਾਬਲੇ ਦੌਰਾਨ ਰਾਜਨ ਦੇ ਲੱਤ ‘ਚ ਗੋਲੀ ਲੱਗੀ ਸੀ, ਜਿਸ ਨੂੰ ਇਲਾਜ ਲਈ ਜੈਪੁਰ ਦੇ ਇੱਕ ਹਸਪਤਾਲ ਰਖਿਆ ਗਿਆ ਸੀ। ਡਾਕਟਰਾਂ ਦੀ ਰੀਪੋਰਟ ਤੋਂ ਬਾਅਦ ਉਸ ਨੂੰ ਹੁਣ ਫਰੀਦਕੋਟ ਪੁਲਿਸ ਵੱਲੋਂ ਪ੍ਰੋਡਕਸ਼ਨ ਵਰੰਟ ‘ਤੇ ਲੈ ਕੇ ਫਰੀਦਕੋਟ ਲਿਆਂਦਾ ਗਿਆ, ਉਸ ਨੂੰ ਅਦਾਲਤ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਰਾਜਨ ਹੁੱਡਾ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਦੱਸ ਦਈਏ ਕਿ ਇਸ ਘਟਨਾ ਨੂੰ 6 ਸ਼ੂਟਰਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਨ੍ਹਾਂ ‘ਚੋ ਤਿੰਨ ਸ਼ੂਟਰ ਜਤਿੰਦਰ ਸਿੰਘ ਉਰਫ ਜੀਤੂ ਤੋਂ ਇਲਾਵਾ ਦੋ ਨਾਬਾਲਗ ਸ਼ੂਟਰਾਂ ਨੂੰ ਦਿੱਲੀ ਪੁਲਿਸ ਵੱਲੋਂ ਅਗਲੇ ਹੀ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਦੋ ਸ਼ੂਟਰ ਗੋਲਡੀ ਅਤੇ ਮਨੀ ਜੋ ਫਰੀਦਕੋਟ ਨਾਲ ਸਬੰਧ ਰੱਖਦੇ ਸਨ, ਨੂੰ ਪੰਜਾਬ ਪੁਲਿਸ ਵੱਲੋਂ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।