ਜਲੰਧਰ ਜ਼ਿਲ੍ਹੇ ‘ਚ ਖੁੱਲ੍ਹਣਗੇ 34 ਹੋਰ ਆਮ ਆਦਮੀ ਕਲੀਨਿਕ, 41 ਤਰ੍ਹਾਂ ਦੇ ਡਾਕਟਰੀ ਟੈਸਟ ਕੀਤੇ ਜਾਣਗੇ ਮੁਫ਼ਤ

ਜਲੰਧਰ ਵਿੱਚ 34 ਹੋਰ ਆਮ ਆਦਮੀ ਕਲੀਨਿਕ ਖੁੱਲ੍ਹਣ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨੀਕਲ ਸਹਾਇਕ ਤੇ ਹੈਲਪਰ ਸਮੇਤ ਚਾਰ ਅਧਿਕਾਰੀ/ਕਰਮਚਾਰੀਆਂ ਦੇ ਸਟਾਫ਼ ਦੀ ਤਾਇਨਾਤੀ ਦੇ ਨਾਲ-ਨਾਲ ਇੱਥੇ 41 ਤਰ੍ਹਾਂ ਦੇ ਡਾਕਟਰੀ ਟੈਸਟ ਮੁਫ਼ਤ ਕੀਤੇ ਜਾਣਗੇ ਤੇ ਹੋਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਜਾਣਕਾਰੀ ਮੁਤਾਬਕ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਦੀਆਂ 34 ਸਿਹਤ ਸੰਸਥਾਵਾਂ ਵਿੱਚ ਆਮ ਆਦਮੀ ਕਲੀਨਿਕਾਂ ਦੀ ਤਰਜ਼ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਹਨਾਂ ਵਿੱਚ 26 ਪੇਂਡੂ ਅਤੇ ਅੱਠ ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰ ਸ਼ਾਮਲ ਹਨ।
ਅਰਬਨ ਪ੍ਰਾਇਮਰੀ ਹੈਲਥ ਸੈਂਟਰ ਭਾਰਗੋ ਕੈਂਪ, ਜਿੱਥੇ ਸਿਹਤ ਸੇਵਾਵਾਂ ਨੂੰ ਆਮ ਆਦਮੀ ਕਲੀਨਿਕਾਂ ਦੀ ਤਰਜ਼ ਤੇ ਅਪਗ੍ਰੇਡ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ, ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਸੰਸਥਾਵਾਂ ਵਿੱਚ ਆਮ ਆਦਮੀ ਕਲੀਨਿਕਾਂ ਵਰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।