ਐਸਵਾਈਐਲ ਨੂੰ ਲੈ ਕੇ ਸੀਐਮ ਮਾਨ ਸਿਮਰਜੀਤ ਬੈਂਸ ਵੱਲੋਂ ਦਿੱਤੇ ਨੁਕਤੇ ’ਤੇ ਅਮਲ ਕਰਨ : ਲੋਕ ਇਨਸਾਫ਼ ਪਾਰਟੀ ਆਗੂ

 ਐਸਵਾਈਐਲ ਨੂੰ ਲੈ ਕੇ ਸੀਐਮ ਮਾਨ ਸਿਮਰਜੀਤ ਬੈਂਸ ਵੱਲੋਂ ਦਿੱਤੇ ਨੁਕਤੇ ’ਤੇ ਅਮਲ ਕਰਨ : ਲੋਕ ਇਨਸਾਫ਼ ਪਾਰਟੀ ਆਗੂ

ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਐਸਵਾਈਐਲ ਦੇ ਮੁੱਦੇ ਤੇ ਮੀਟਿੰਗ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਗਗਨਦੀਪ, ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ ਹਲਕਾ ਪੂਰਬੀ ਦੇ ਇੰਚਾਰਜ, ਸਟੂਡੈਂਟ ਵਿੰਗ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਅਤੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ, ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਸਲਾਹ ਦਿੱਤੀ ਹੈ।

ਉਹਨਾਂ ਕਿਹਾ ਕਿ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਦੌਰਾਨ ਉਹ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਦਿੱਤੇ ਨੁਕਤੇ ਅਨੁਸਾਰ ਆਪਣਾ ਪੱਖ ਰੱਖਣ ਕਿਉਂ ਕਿ ਬੈਂਸ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਸਬੰਧੀ ਬਹੁਤ ਜਾਣਕਾਰੀ ਹੈ।

ਸੰਨੀ ਕੈਂਥ ਨੇ ਕਿਹਾ ਕਿ, “ਇਹ ਇਕ ਗਿਣੀ ਮਿਥੀ ਸਾਜਿਸ਼ ਹੈ ਜਿਸ ਅਨੁਸਾਰ ਪੰਜਾਬ ਦਾ ਪਾਣੀ ਖੋਹ ਕੇ ਹਰਿਆਣਾ ਨੂੰ ਦੇਣ ਨਾਲ ਦੋਵਾਂ ਸੂਬਿਆਂ ਵਿੱਚ ਨਫ਼ਰਤ ਭਰ ਜਾਵੇਗੀ। ਉਹਨਾਂ ਅੱਗੇ ਕਿਹਾ ਕਿ, ਮੀਟਿੰਗ ਦੌਰਾਨ ਮਾਨ ਸਾਹਿਬ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੂੰ ਕਹਿਣ ਕਿ ਜੇਕਰ ਹਰਿਆਣਾ ਨੂੰ ਵਾਕਿਆ ਹੀ ਪਾਣੀ ਦੀ ਜ਼ਰੂਰਤ ਹੈ ਤਾਂ ਬੇਣਨ ਜਾ ਰਹੀ “ਸ਼ਾਰਦਾ ਯਮੁਨਾ ਕੈਨਾਲ” ਤੋਂ ਲਿਆ ਜਾ ਸਕਦਾ ਹੈ।

ਇਹ ਨਹਿਰ ਉੱਤਰਾਖੰਡ ਨੇਪਾਲ ਬਾਰਡਰ ਤੇ ਪੈਂਦੇ ਕਸਬਾ ਟਨਕਪੁਰ ਤੋਂ ਦਰਿਆ ਸ਼ਾਰਦਾ ਵਿੱਚੋਂ ਕੱਢੀ ਜਾਵੇਗੀ, ਜੋ ਕਿ ਐਸਵਾਈਐਲ ਤੋਂ ਚਾਰ ਗੁਣਾ ਵਧੇਰੇ ਸਮਰਥਾ ਵਾਲੀ 50 ਮੀਟਰ ਚੌੜੀ, 8 ਮੀਟਰ ਡੂੰਘੀ, 24000 ਕਿਉਸਿਕ ਪਾਣੀ ਦੀ ਸਮਰਥਾ ਰੱਖਦੀ ਹੈ ਅਤੇ ਹਰਿਆਣਾ ਵਿੱਚ ਲੰਬਾਈ 197 ਕਿਲੋਮੀਟਰ ਹੈ। ਜਿਸ ਦਾ ਹਰਿਆਣਾ ਵਿੱਚ ਨਾਮ “ਯਮੁਨਾ ਰਾਜਸਥਾਨ ਕੈਨਾਲ” ਹੈ ਜਿਸ ਵਿਚੋਂ ਹਰਿਆਣਾ ਨੂੰ ਪਾਣੀ ਮਿਲਣ ਦੀ ਪੁਸ਼ਟੀ ਉੱਥੋਂ ਦੇ ਐਮ.ਪੀ. ਧਰਮਵੀਰ ਵਲੋਂ 21 ਜੁਲਾਈ 2016 ਨੂੰ ਇਕ ਲਿਖਤ ਸਵਾਲ ਨੰ: 77 ਦੇ ਜਵਾਬ ਵਿੱਚ ਕੇਂਦਰੀ ਸੰਚਾਈ ਮੰਤਰੀ ਦੁਆਰਾ ਦਿੱਤੇ ਜਵਾਬ “ਹਾਂ ਜੀ, ਇਸ ਚੋਂ ਹਰਿਆਣਾ ਨੂੰ ਵੀ ਪਾਣੀ ਦੇਣਾ ਹੈ।”

ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀਆਂ ਦੀ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਪਣਾ ਪੱਖ ਸਹੀ ਢੰਗ ਨਾਲ ਪੇਸ਼ ਕੀਤਾ ਤਾਂ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹਿ ਜਾਵੇਗਾ ਅਤੇ ਇਸ ਦੇ ਨਾਲ ਹੀ ਦੋਹਾਂ ਸੂਬਿਆਂ ਦੇ ਲੋਕਾਂ ਵਿੱਚ ਨਫਰਤ ਫੈਲਾਉਣ ਦੀ ਸਾਜਿਸ਼ ਵੀ ਨਾਕਾਮ ਹੋ ਜਾਵੇਗੀ।

Leave a Reply

Your email address will not be published.